ਤਬਾ ਪੁਲੀਸ ਨੇ ਹਨੀ ਟਰੈਪ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਬਲੈਕਮੇਲ ਕਰਕੇ ਪੈਸੇ ਵਸੂਲਣ ਆਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਤਪਾ ਮੰਡੀ ਦੇ ਐੱਸਐੱਚਓ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਬਾਗ ਕਲੋਨੀ ਦੇ ਵਸਨੀਕ ਅਜੇ ਕੁਮਾਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਦੋਸਤੀ ਇਕ ਬਠਿੰਡਾ ਵਾਸੀ ਲੜਕੀ ਨਾਲ ਹੋਈ ਸੀ, ਜੋ ਤਪਾ ਵਿਚ ਉਸਦੇ ਘਰ ਦੇ ਨੇੜੇ ਨਾਨਕੇ ਘਰ ਰਹਿੰਦੀ ਸੀ। ਉਹ ਲੜਕੀ ਦੀ ਸਹਿਮਤੀ ਨਾਲ ਇਕ ਦੂਜੇ ਨੂੰ ਮਿਲਣ ਲੱਗਿਆ। ਉਪਰੰਤ ਕਰੀਬ 25 ਦਿਨ ਪਹਿਲਾਂ ਉਕਤ ਕੁੜੀ, ਉਸ ਦੀ ਇੱਕ ਸਹੇਲੀ ਅਤੇ ਉਸਦੀ ਮਾਂ ਉਨ੍ਹਾਂ ਦੇ ਘਰ ਆਏ ਅਤੇ ਉਸ ਦਾ ਮੋਬਾਈਲ ਚੁੱਕ ਕੇ ਲੈ ਗਏ। ਉਪਰੰਤ ਕੁੜੀ ਦਾ ਚਾਚਾ ਤੇਜਿੰਦਰ ਸਿੰਘ ਅਤੇ
ਡੀਸੀ ਸਿੰਘ ਨਾਂ ਦੇ ਵਿਅਕਤੀ ਵਲੋਂ ਪੀੜਤ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਉਸ ਦੇ ਉਨ੍ਹਾਂ ਦੀ ਲੜਕੀ ਨਾਲ ਗ਼ਲਤ ਸੰਬੰਧ ਹਨ ਅਤੇ ਉਹ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣਗੇ। ਉਸ ਦੇ ਮੋਬਾਈਲ ਦਾ ਸਾਰਾ ਡਾਟਾ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ ਦੋ ਲੱਖ ਰੁਪਏ ਲੈ ਗਏ। ਉਨ੍ਹਾਂ ਦੱਸਿਆ ਕਿ ਮੁੜ ਪੀੜਤ ਤੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਪੀੜਤ ਦੇ ਪਰਿਵਾਰ ਨੇ ਪੁਲੀਸ ਕੋਲ ਬਲੈਕਮੇਲਿੰਗ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਪੁਲੀਸ ਨੇ ਡੀਸੀ ਸਿੰਘ ਅਤੇ ਚਾਚਾ ਤੇਜਿੰਦਰ ਸਿੰਘ ਨੂੰ ਰੰਗੇ ਹੱਥੀਂ ਦਬੋਚ ਲਿਆ। ਐੱਸਐੱਚਓ ਨੇ ਦੱਸਿਆ ਕਿ ਇਸ ਮਾਮਲੇ ਦੀ ਮਾਸਟਰਮਾਈਂਡ ਲੜਕੀ ਅਤੇ ਉਸਦੀ ਮਾਂ ਅਜੇ ਵੀ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਕਿ ਹਨੀ ਟਰੈਪ ਵਿੱਚ ਫਸੇ ਹੋਰ ਲੋਕਾਂ ਦੇ ਮਾਮਲੇ ਵੀ ਸਾਹਮਣੇ ਆ ਸਕਣ।