ਪੈਨਸ਼ਨ ਦੀ ਰਕਮ ’ਚੋਂ ਲੋੜਵੰਦ ਪਰਿਵਾਰ ਦੀ ਮਦਦ
ਇੱਥੇ ਇੱਕ 67 ਸਾਲਾ ਰੇਹੜੀ ਚਾਲਕ ਪਾਰਸ ਸਿੰਘ ਸਿਰਫ਼ ਆਪਣੀ ਪੈਨਸ਼ਨ ਅਤੇ ਮੋਟਰਸਾਈਕਲ ਰਿਹੜੀ ਚਲਾ ਕੇ ਪਰਿਵਾਰ ਪਾਲਦਾ ਹੈ। ਉਹ ਅਕਸਰ ਆਪਣੀ ਕਮਾਈ ’ਚੋਂ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ ਹੈ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਵਿੱਚ ਤਿੰਨ ਧੀਆਂ ਦੀ ਮਾਂ ਵਿਧਵਾ ਔਰਤ ਦੇ ਘਰ ਦੀ ਛੱਤ ਬਰਸਾਤ ਕਾਰਨ ਡਿੱਗ ਗਈ ਸੀ ਤਾਂ ਬਜ਼ੁਰਗ ਬਾਬੇ ਨੇ ਉਨ੍ਹਾਂ ਨੂੰ ਛੱਤ ਪਾਉਣ ਲਈ ਆਪਣੀ ਪੈਨਸ਼ਨ ਅਤੇ ਕਿਰਤ ਦੀ ਕਮਾਈ ਵਿੱਚੋਂ 1500 ਰੁਪਏ ਦੀ ਆਰਥਿਕ ਮਦਦ ਕੀਤੀ।
ਸੰਤ ਕਬੀਰ ਸਕੂਲ ਵਿੱਚ ਮਾਡਲਾਂ ਦੀ ਪ੍ਰਦਰਸ਼ਨੀ
ਭੁੱਚੋ ਮੰਡੀ: ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਬੱਚਿਆਂ ਵੱਲੋਂ ਛੁੱਟੀਆਂ ਦੌਰਾਨ ਤਿਆਰ ਕੀਤੇ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਵਿੱਚ ਵਿਦਿਆਰਥੀਆਂ ਨੇ ਕਲਾ, ਸਾਇੰਸ ਦੇ ਰੀਡਿਊਸ, ਰੀਸਾਇਕਲ ਰੀਯੂਜ, ਪੰਜਾਬੀ ਵਿਰਸਾ, ਖੇਡ ਖੇਡ ਵਿੱਚ ਸਿੱਖੋ ਗਣਿਤ ਅਤੇ ਸਮਾਜਿਕ ਵਿਗਿਆਨ ਦੇ ਵਿਸ਼ੇ ਨਾਲ ਸਬੰਧਤ ਮਾਡਲ ਪੇਸ਼ ਕੀਤੇ। ਮੁੱਖ ਮਹਿਮਾਨ ਡਾ. ਦੀਪਕ ਬਾਂਸਲ ਅਤੇ ਮਾਪਿਆਂ ਨੇ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਸਕੂਲ ਦੇ ਐੱਮਡੀ ਪ੍ਰੋ. ਐੱਮਐੱਲ ਅਰੋੜਾ, ਡਾਇਰੈਕਟਰ ਨੰਦਿਤਾ ਗਰੋਵਰ ਅਤੇ ਪ੍ਰਿੰਸੀਪਲ ਕੰਚਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਚੰਗੀ ਸਿੱਖਿਆ ਦੇ ਨਾਲ ਕਿੱਤਾਮੁਖੀ ਸਿੱਖਿਆ ਵੱਲ ਵੀ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਕੁਲਵੰਤ ਕੌਰ, ਹੈੱਡ ਮਿਸਟ੍ਰੈੱਸ ਸੋਨੀਆ ਧਵਨ ਅਤੇ ਰਚਨਾ ਜਿੰਦਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
ਆਕਸਫੋਰਡ ਸਕੂਲ ’ਚ ‘ਤੀਆਂ ਤੀਜ ਦੀਆਂ’ ਸਮਾਗਮ
ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਵਿੱਚ ਪ੍ਰਿੰਸੀਪਲ ਰੂਪ ਲਾਲ ਬਾਂਸਲ ਦੀ ਅਗਵਾਈ ਹੇਠ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ ਗਿਆ। ਇਸ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਹਿੱਸਾ ਲੈਂਦਿਆਂ ਗਿੱਧਾ, ਬੋਲੀਆਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਸੁਨੀਤਾ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਗੁਰਕੀਰਤ ਕੌਰ ਮਿਸ ਤੀਜ ਅਤੇ ਏਕਮਪ੍ਰੀਤ ਕੌਰ ਮਿਸ ਪੰਜਾਬਣ ਚੁਣੀ ਗਈ। ਹਰਸੋਵਨਪ੍ਰੀਤ ਕੌਰ ਨੂੰ ਗਿੱਧਿਆ ਦੀ ਰਾਣੀ ਐਵਾਰਡ ਨਾਲ ਸਨਮਾਨਿਆ ਗਿਆ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਮਾਗਮ ਦੌਰਾਨ ਸਹਿਯੋਗ ਲਈ ਸਕੂਲ ਸਟਾਫ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਗਿੱਲ ਸਰਪੰਚ ਹਾਜ਼ਰ ਸਨ। -ਪੱਤਰ ਪ੍ਰੇਰਕ
ਗੁਰੂ ਕਾਸ਼ੀ ਸਕੂਲ ਦੇ ਬੱਚਿਆਂ ਨੇ ਟੂਰ ਲਗਾਇਆ
ਭਗਤਾ ਭਾਈ: ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਦੇ ਬਾਰ੍ਹਵੀਂ ਜਮਾਤ (ਕਾਮਰਸ ਵਿਸ਼ੇ) ਦੇ ਵਿਦਿਆਰਥੀਆਂ ਨੂੰ ਥਿਊਰੀ ਦੇ ਨਾਲ ਪ੍ਰੈਕਟੀਕਲ ਜਾਣਕਾਰੀ ਦੇਣ ਲਈ ਬਿਜ਼ਨਸ ਸਟੱਡੀਜ਼ ਪ੍ਰਾਜੈਕਟ ਅਧੀਨ ਮਲਟੀ ਨੈਸ਼ਨਲ ਕੰਪਨੀ (ਐੱਮਐੱਨਸੀ) ਦੀ ਫੇਰੀ ਦਾ ਪ੍ਰਬੰਧ ਕੀਤਾ ਗਿਆ। ਇਸ ਤਹਿਤ ਉਨ੍ਹਾਂ ਨੂੰ ਬਠਿੰਡਾ ਵਿੱਚ ਸਥਿਤ ਰਿਲਾਇੰਸ ਮਾਲ ਵਿੱਚ ਲਿਜਾਇਆ ਗਿਆ। ਅਧਿਆਪਕ ਵਿਕਾਸਦੀਪ ਪ੍ਰਭਾਕਰ ਨੇ ਦੱਸਿਆ ਕਿ ਇਸ ਟੂਰ ਦੌਰਾਨ ਰਿਲਾਇੰਸ ਮਾਲ ਦੇ ਸਟਾਫ ਨੇ ਵਿਦਿਆਰਥੀਆਂ ਨੂੰ ਐੱਮਐੱਨਸੀ ਇੰਟਰਨਸ਼ਿਪ, ਇਸ ‘ਚ ਭਵਿੱਖ ਦੇ ਕੈਰੀਅਰ, ਕੰਮ ਕਰਨ ਦੀ ਯੋਗਤਾ, ਤਜਰਬਾ ਅਤੇ ਸੈਲਰੀ ਪੈਕੇਜ ਅਤੇ ਵਪਾਰਕ ਸਿਧਾਂਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਕੂਲ ਦੇ ਐੱਮਡੀ ਜੈ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਸਕੂਲ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ ਪ੍ਰੈਕਟੀਕਲ ਫੀਲਡ ਵਿੱਚ ਵੀ ਆਪਣਾ ਤਜਰਬਾ ਹਾਸਲ ਕਰ ਸਕਣ। -ਪੱਤਰ ਪ੍ਰੇਰਕ
ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੀ ਨਵੀਂ ਕਾਰਜਕਾਰਨੀ ਕਾਇਮ
ਕਾਲਾਂਵਾਲੀ: ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੀ ਵਿਸ਼ੇਸ਼ ਮੀਟਿੰਗ ਸ਼ਹੀਦ ਭਗਤ ਸਿੰਘ ਪਬਲਿਕ ਲਾਈਬ੍ਰੇਰੀ ਵਿੱਚ ਸਭਾ ਦੇ ਸੀਨੀਅਰ ਮੈਂਬਰ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਭਾ ਦੇ ਖਜਾਨਚੀ ਨਾਇਬ ਸਿੰਘ ਗਿੱਲ ਦੇ ਅਚਾਨਕ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਪੰਜਾਬੀ ਸਾਹਿਤ ਸਭਾ ਦੀ ਦੋ ਸਾਲਾਂ ਲਈ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿੱਚ ਸਰਪ੍ਰਸਤ ਗੁਰਦਾਸ ਸਿੰਘ ਪਾਲਣਾ, ਸਲਾਹਕਾਰ ਸੁਰਿੰਦਰਪਾਲ ਸਿੰਘ, ਪ੍ਰਧਾਨ ਭੁਪਿੰਦਰ ਪੰਨੀਵਾਲੀਆ, ਜਨਰਲ ਸਕੱਤਰ ਬਿੱਟੂ ਮਲਕਪੁਰਾ, ਖਚਾਨਚੀ ਜਗਤਾਰ ਸਿੰਘ ਤਾਰੀ, ਮੀਤ ਪ੍ਰਧਾਨ ਅਜਾਇਬ ਜਲਾਲਆਣਾ ਅਤੇ ਬੂਟਾ ਸਿੰਘ, ਸਕੱਤਰ ਸਿਕੰਦਰ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਸਰਾਂ, ਪ੍ਰਚਾਰ ਸਕੱਤਰ ਭੁਪਿੰਦਰ ਸਰਾਂ ਚੁਣੇ ਗਏ। ਇਸ ਤੋਂ ਇਲਾਵਾ ਹਰਦੇਵ ਸਿੰਘ ਸਿੱਧੂ, ਜਗਦੀਸ਼ ਸਿੰਘਪੁਰਾ, ਮੁਲਖ ਸਿੰਘ ਪਿਪਲੀ, ਅਜੀਤਪਾਲ ਜੀਤਾ, ਜੱਗਾ ਜਗਮਾਲਵਾਲੀਆ, ਹਰਗੋਬਿੰਦ ਸਿੰਘ, ਹਰਚਰਨ ਗਿੱਲ, ਜੱਗਾ ਸਿੰਘ ਤਾਰੂਆਣਾ, ਜਸਵੰਤ ਕੌਰ, ਨਵਜੋਤ ਕੌਰ, ਜਸਪਾਲ ਕੌਰ, ਕੁਲਵਿੰਦਰ ਸਿੰਘ ਪਾਲਣਾ ਤੇ ਕੇਸ਼ਵ ਦੱਤ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ। -ਨਿੱਜੀ ਪੱਤਰ ਪ੍ਰੇਰਕ