ਬਠਿੰਡਾ ’ਚ ਭਾਰੀ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ
ਬਠਿੰਡਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੜਕਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨੀਵੇਂ ਖੇਤਰਾਂ ’ਚ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ। ਮੀਂਹ ਕਾਰਨ ਬਾਜ਼ਾਰ ਸੁੰਨੇ ਰਹੇ। ਮੀਂਹ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਸੂਚਨਾ ਵੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 24 ਤੋਂ 48 ਘੰਟਿਆਂ ਦੌਰਾਨ ਹੋਰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਖੇਤੀ ਖ਼ੋਜ ਕੇਂਦਰ ਦੀ ਰਿਪੋਰਟ ਮੁਤਾਬਕ ਬਠਿੰਡਾ ਮੰਗਲਵਾਰ ਨੂੰ ਬਠਿੰਡਾ ’ਚ 11 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਉੱਧਰ ਮੌਸਮ ਵਿਭਾਗ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਪਰੇਅ ਦਾ ਕੰਮ ਰੋਕ ਦੇਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿਚ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੀਂਹ ਨੇ ਸਬਜ਼ੀਆਂ ਅਤੇ ਟਮਾਟਰਾਂ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਕਾਰਨ ਸਬਜ਼ੀਆਂ ਦੇ ਭਾਅ ਵੱਧ ਗਏ ਹਨ। ਖੇਤੀ ਵਿਭਾਗ ਅਨੁਸਾਰ ਫ਼ਸਲਾਂ ਦਾ 30 ਤੋਂ 35 ਫੀਸਦੀ ਤੱਕ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਬਠਿੰਡਾ ਵਿਚ 79 ਐੱਮਐੱਮ ਬਰਸਾਤ ਹੋਈ ਸੀ। ਇਸ ਮੀਂਹ ਦੌਰਾਨ ਬਠਿੰਡਾ ਦਾ ਵੀਆਈਪੀ ਸਿਵਲ ਲਾਈਨ ਖੇਤਰ ਤੋਂ ਇਲਾਵਾ ਪਾਵਰ ਹਾਊਸ ਰੋਡ, ਸਿਰਕੀ ਬਜ਼ਾਰ, ਗੋਨਿਆਣਾ ਰੋਡ, ਮਾਲ ਰੋਡ, ਪਰਸ ਰਾਮ ਨਗਰ ਅਤੇ ਅੰਡਰ ਬੱਰਿਜ ਵਿਚ 5 ਤੋਂ 6 ਫੁੱਟ ਤੱਕ ਪਾਣੀ ਭਰ ਗਿਆ ਸੀ। ਸਾਈ ਨਗਰ ਸਮੇਤ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਘਰਾਂ ਦੇ ਅੰਦਰ ਤੱਕ ਘੁੱਸ ਗਿਆ ਸੀ। ਕਈ ਪਰਿਵਾਰ ਘਰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣਾ ਪਿਆ ਸੀ। ਭਾਵੇਂ ਬਠਿੰਡਾ ਦੀਆਂ ਸੜਕਾਂ ਤੋਂ ਪਾਣੀ ਉੱਤਰ ਗਿਆ ਹੈ, ਪਰ ਗੋਨਿਆਣਾ ਰੋਡ ਸਮੇਤ ਬਠਿੰਡਾ ਦੇ ਬਹੁਤ ਖੇਤਰਾਂ ਵਿਚ ਪਾਣੀ ਹਾਲੇ ਵੀ ਖੜ੍ਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਨਿਗਮ ਵੱਲੋਂ ਹਾਈ ਰਿਸਕ ਵਾਲੇ ਇਲਾਕਿਆਂ ਵਿੱਚ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।