DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਲਵੇ ’ਚ ਭਾਰੀ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ

ਬਾਜ਼ਾਰਾਂ ’ਚ ਭਰਿਆ ਕਈ-ਕਈ ਫੁੱਟ ਪਾਣੀ; ਕਈ ਥਾਈਂ ਬਿਜਲੀ ਸਪਲਾਈ ਵੀ ਪ੍ਰਭਾਵਿਤ
  • fb
  • twitter
  • whatsapp
  • whatsapp
featured-img featured-img
ਪਿੰਡ ਕੋਟਲੀ ਖੁਰਦ ਦੇ ਰਜਵਾਹੇ ਵਿੱਚ ਪਏ ਪਾੜ ਨੂੰ ਪੂਰਨ ਦਾ ਯਤਨ ਕਰਦੇ ਹੋਏ ਲੋਕ।
Advertisement

ਭਾਦੋਂ ਮਹੀਨੇ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਬੀਤੀ ਐਤਵਾਰ ਸਵੇਰੇ 11 ਵਜੇ ਤੋਂ ਰੁਕ ਰੁਕ ਕੇ ਪੈ ਰਹੀ ਬਰਸਾਤ ਦੂਜੇ ਦਿਨ ਵੀ ਜਾਰੀ ਰਹੀ। ਝੜੀ ਨੇ ਲੋਕਾਂ ਨੂੰ ਘਰਾਂ ਵਿੱਚ ਤਾੜਨ ਲਈ ਮਜਬੂਰ ਕਰ ਦਿੱਤਾ ਹੈ। ਇਸੇ ਦੌਰਾਨ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ ਖਰਾਬ ਰਹਿਣ ਦੇ ਨਾਲ-ਨਾਲ ਝੱਖੜ ਝੁੱਲਣ ਦੀ ਵੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਅਨੁਸਾਰ, ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ 22.5 ਡਿਗਰੀ ਅਤੇ ਵੱਧ ਤੋਂ ਵੱਧ 25.6 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ 23.4 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਇੱਥੇ ਦੇਰ ਰਾਤ ਤੋਂ ਸ਼ੁਰੂ ਹੋਇਆ ਮੀਂਹ ਅੱਜ ਸਾਰਾ ਦਿਨ ਲਗਾਤਾਰ ਵਰ੍ਹਦਾ ਰਿਹਾ ਜਿਸ ਨਾਲ ਬਾਜ਼ਾਰ, ਗਲੀਆਂ ਮੁਹੱਲੇ ਤੇ ਸੜਕਾਂ ਜਲਥਲ ਹੋ ਗਈਆਂ। ਉਪਰੋਂ ਬਿਜਲੀ ਦੇ ਲੰਬੇ ਕੱਟਾਂ ਕਾਰਨ ਪ੍ਰੇਸ਼ਾਨੀ ਹੋਰ ਵਧ ਗਈ। ਇਸ ਮੌਸਮ ਦੀ ਇਸ ਪਹਿਲੀ ਝੜੀ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ। ਸੜਕਾਂ ਦੀ ਮਾੜੀ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਸਮੱਸਿਆ ਜਾ ਸਾਹਮਣਾ ਕਰਨਾ ਪਿਆ। ਮੁਕਤਸਰ-ਬਠਿੰਡਾ ਬਾਈਪਾਸ ਉਪਰ ਡੀਸੀ ਦਫ਼ਤਰ ਲਾਗੇ ਬਣੇ ਖੱਡਿਆਂ ’ਚ ਇੱਕ ਟਰਾਲੇ ਦਾ ਐਕਸਲ ਟੁੱਟ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਥਾਂਦੇਵਾਲਾ ਰੋਡ ਉਪਰ ਸੀਵਰੇਜ ਦੇ ਖੁੱਲ੍ਹੇ ਅਤੇ ਟੁੱਟੇ ਢੱਕਣਾਂ ਕਰਕੇ ਜਾਨ ਦਾ ਖੌਅ ਬਣਿਆ ਰਿਹਾ। ਲੋਕਾਂ ਨੇ ਆਪਣੇ ਤੌਰ ’ਤੇ ਸੀਵਰੇਜ ਵਿੱਚ ਸੋਟੀਆਂ ਲਾ ਕੇ ਰਾਹਗੀਰਾਂ ਨੂੰ ਸੁਚੇਤ ਕਰਨ ਦੀ ਜ਼ਿੰਮੇਵਾਰੀ ਨਿਭਾਈ। ਮੁੱਖ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਪਾਣੀ ਭਰ ਜਾਣ ਕਾਰਨ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ।

Advertisement

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਰਸਤਿਆਂ ਵਿੱਚ ਪਾਣੀ ਭਰਨ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੇ ਪਾਣੀ ਨਾਲ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਰਜਵਾਹਿਆਂ ਦਾ ਰੂਪ ਧਾਰਨ ਕਰ ਲਿਆ।

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣਾ ਇਲਾਕੇ ਵਿੱਚ ਅੱਜ ਬਹੁਤ ਭਾਰੀ ਬਾਰਿਸ਼ ਹੋਈ। ਲਗਭਗ ਸਾਰੀ ਰਾਤ ਅਤੇ ਅੱਜ ਸਵੇਰੇ ਤੋਂ ਵਰਖਾ ਹੁੰਦੀ ਰਹੀ। ਇਸ ਨਾਲ ਸਥਾਨਕ ਬੱਸ ਸਟੈਂਡ ਰੋਡ ਅਤੇ ਮੰਡੀ ਰੋਡ ਦੀ ਹਾਲਤ ਖਸਤਾ ਹੋ ਗਈ ਅਤੇ ਦੋ-ਦੋ ਫੁੱਟ ਪਾਣੀ ਖੜ੍ਹ ਗਿਆ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਕਾਫ਼ੀ ਘੱਟ ਰਹੀ। ਨੇੜਲੇ ਪਿੰਡ ਚੂੰਘਾਂ, ਮੱਲੀਆਂ, ਬੁਰਜ ਫਤਿਹਗੜ੍ਹ, ਚੀਮਾ ਤੇ ਸੁੱਖਪੁਰਾ ਵਿੱਚ ਵੀ ਭਾਰੀ ਬਾਰਿਸ਼ ਹੋਈ।

ਨਥਾਣਾ (ਭਗਵਾਨ ਦਾਸ ਗਰਗ): ਇਲਾਕੇ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਜ਼ਦੂਰ ਵਰਗ ਅਤੇ ਦੁਕਾਨਦਾਰਾਂ ਦਾ ਕੰਮ-ਕਾਜ ਠੱਪ ਹੋ ਕੇ ਰਹਿ ਗਿਆ ਹੈ। ਐਤਵਾਰ ਦੁਪਹਿਰ ਤੋ ਬਾਅਦ ਅੱਜ ਸ਼ਾਮ ਤੱਕ ਬਿਜਲੀ ਸਪਲਾਈ ਦਾ ਕਾਫ਼ੀ ਮੰਦਾ ਹਾਲ ਰਿਹਾ। ਛੱਪੜ ਨੱਕੋ-ਨੱਕ ਭਰ ਜਾਣ ਉਪਰੰਤ ਗਲੀਆਂ, ਆਮ ਰਸਤਿਆਂ ਅਤੇ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ।

ਕਾਲਾਂਵਾਲੀ (ਭੁਪਿੰਦਰ ਪੰਨਵਾਲੀਆ): ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਮੁੱਖ ਬਾਜ਼ਾਰਾਂ ਸਮੇਤ ਜ਼ਿਆਦਾਤਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੰਡੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਹੇਠਲੇ ਇਲਾਕਿਆਂ ਵਿੱਚ ਨਵੀਂ ਅਨਾਜ ਮੰਡੀ, ਟੈਲੀਫੋਨ ਐਕਸਚੇਂਜ ਰੋਡ, ਦੇਸੂ ਮਲਕਾਣਾ ਰੋਡ, ਬੱਸ ਸਟੈਂਡ ਰੋਡ, ਦਾਦੂ ਰੋਡ, ਪੰਜਾਬ ਬੱਸ ਸਟੈਂਡ, ਡਾਕਟਰ ਮਾਰਕੀਟ, ਮੋਬਾਈਲ ਮਾਰਕੀਟ ਸਮੇਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਭਰ ਗਿਆ।

ਕੋਟਲੀ ਖੁਰਦ ਨੇੜੇ ਸੂਆ ਟੁੱਟਿਆ

ਬਠਿੰਡਾ (ਪੱਤਰ ਪ੍ਰੇਰਕ): ਮੀਂਹ ਕਾਰਨ ਅੱਜ ਪਿੰਡ ਕੋਟਲੀ ਖੁਰਦ ਨੇੜੇ ਸੂਆ ਟੁੱਟਣ ਕਾਰਨ ਪਿੰਡ ਕੋਟਲੀ ਖੁਰਦ ਅਤੇ ਪਿੰਡ ਦਲੀਏਵਾਲੀ ਦੇ ਸੈਂਕੜੇ ਏਕੜ ਖੇਤਾਂ ’ਚ ਪਾਣੀ ਭਰ ਗਿਆ। ਸੂਏ ’ਚ ਕਰੀਬ 30-35 ਫੁੱਟ ਪਾੜ ਪੈਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਫਸਲ ਬੀਜੀ ਹੋਈ ਸੀ, ਜਿਨ੍ਹਾਂ ਦੀ ਮਿਹਨਤ ਪਾਣੀ ’ਚ ਡੁੱਬ ਗਈ। ਜਿਵੇਂ ਹੀ ਪਾੜ ਪੈਣ ਦੀ ਖ਼ਬਰ ਫੈਲੀ ਤਾਂ ਪਿੰਡ ਦੇ ਗੁਰੁਦੁਆਰੇ ਤੋਂ ਹੋਕਾ ਦਿੱਤਾ ਗਿਆ ਅਤੇ ਵੱਡੀ ਗਿਣਤੀ ’ਚ ਕਿਸਾਨ ਮੌਕੇ ’ਤੇ ਦੌੜੇ। ਉਨ੍ਹਾਂ ਵੱਲੋਂ ਦਰੱਖਤਾਂ ਦੇ ਟਾਹਣੇ ਤੇ ਮਿੱਟੀ ਦੇ ਗੱਟੇ ਸੁੱਟ ਕੇ ਸੂਏ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਨੇੜਲੇ ਵੇਦਾਂਤਾ ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ ਜੇਸੀਬੀ ਮਦਦ ਲਈ ਭੇਜੀ ਗਈ, ਜਿਸ ਨਾਲ ਕਿਸਾਨਾਂ ਨੂੰ ਪਾੜ ਪੂਰਨ ਵਿੱਚ ਮਦਦ ਮਿਲੀ।

ਛੱਤ ਡਿੱਗਣ ਕਾਰਨ ਦੋ ਦੁਧਾਰੂ ਪਸ਼ੂਆਂ ਦੀ ਮੌਤ

ਤਪਾ ਮੰਡੀ (ਨਿੱਜੀ ਪੱਤਰ ਪ੍ਰੇਰਕ): ਇੱਥੇ ਭਾਰੀ ਮੀਂਹ ਕਾਰਨ ਤਪਾ ਮੰਡੀ ਵਿੱਚ ਇੱਕ ਦੁੱਧ ਦੇ ਵਪਾਰੀ ਦੇ ਪਸ਼ੂਆਂ ਵਾਲੇ ਘਰ ਦੀ ਛੱਡ ਡਿੱਗ ਗਈ, ਜਿਸ ਕਾਰਨ ਦੋ ਦੁਧਾਰੂ ਗਾਵਾਂ ਦੀ ਮੌਤ ਹੋ ਗਈ। ਇਸ ਸਬੰਧੀ ਪੀੜਤ ਨਾਜ਼ਮ ਹੁਸੈਨ ਉਰਫ਼ ਰਾਜੂ ਖਾਨ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਉਸਦਾ ਕਰੀਬ 4 ਲੱਖ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਵੇਲੇ ਜਦੋਂ ਉਸਦੀ ਪਤਨੀ ਦੁਧਾਰੂ ਪਸ਼ੂਆਂ ਦੀ ਧਾਰ ਕੱਢ ਕੇ ਘਰ ਵਾਪਸ ਹੀ ਗਈ ਸੀ ਕਿ ਥੋੜ੍ਹੇ ਸਮੇਂ ਬਾਅਦ ਹੀ ਬਾਹਰਲੇ ਪਸ਼ੂਆਂ ਵਾਲੇ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਅੰਦਰ ਖੜ੍ਹੀਆਂ ਦੋ ਗਾਵਾਂ ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਤੋਂ ਆਰਥਿਕ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਚਲ ਸਕੇ।

ਮਾਲਵੇ ’ਚ ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ

ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਵਿੱਚ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਕੌਮੀ ਗੜਬੜੀ ਚਿਤਾਵਨੀ ਅਲਰਟ ਪੋਰਟਲ (ਐਨਡੀਐਮਏਈਡਬਲਯੂ) ਵੱਲੋਂ ਸ਼ੋਸਲ ਮੀਡੀਆ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਮਾਨਸਾ ਸਮੇਤ ਮੋਗਾ, ਬਠਿੰਡਾ, ਬਰਨਾਲਾ, ਫ਼ਰੀਦਕੋਟ, ਫਿਰੋਜ਼ਪੁਰ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਮਾਲੇਰਕੋਟਲਾ ਸਮੇਤ ਅੰਮ੍ਰਿਤਸਰ, ਸ੍ਰੀ ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਰੂਪਨਗਰ, ਐੱਸਬੀਐੱਸ ਨਗਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਕੁੱਝ ਥਾਵਾਂ ’ਤੇ ਭਾਰੀ ਅਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਪਿੰਡਾਂ ਅਤੇ ਸ਼ਹਿਰਾਂ ਦੇ ਖੇਤਰ ਵਿੱਚ ਮੀਂਹ ਪੈਣ ਨਾਲ ਕੋਈ ਅਮਰਜੈਂਸੀ ਸਥਿਤੀ ਪੈਦਾ ਹੁੰਦੀ ਹੈ ਤਾਂ 112 ਨੰਬਰ ’ਤੇ ਕਾਲ ਕੀਤੀ ਜਾ ਸਕਦੀ ਹੈ।

Advertisement
×