ਮੋਗਾ ’ਚ ਭਾਰੀ ਮੀਂਹ: ਅੰਡਰਬ੍ਰਿਜ ’ਚ ਫਸੀਆਂ ਦੋ ਲੜਕੀਆਂ ਦੀ ਮੇਅਰ ਨੇ ਬਚਾਈ ਜਾਨ
ਇਥੇ ਅੱਜ ਸਵੇਰੇ ਤੋਂ ਦੁਪਹਿਰ ਤੱਕ ਭਾਰੀ ਮੀਂਹ ਪੈਣ ਕਾਰਨ ਲੋਕਾਂ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ, ਇਸ ਰਾਹਤ ਦੇ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੋਈ। ਮੀਂਹ ਪੈਣ ਕਾਰਨ ਨੀਵੇਂ ਇਲਾਕਿਆਂ ਅਤੇ ਸੜਕਾਂ ’ਤੇ ਪਾਣੀ ਭਰ ਗਿਆ ਜਿਸ ਕਾਰ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦਿਹਾਤੀ ਖੇਤਰਾਂ ਵਿੱਚ ਝੋਨੇ ਦੇ ਖੇਤ ਵੀ ਨੱਕੋ-ਨੱਕ ਭਰ ਗਏ ਅਤੇ ਕਈ ਪਿੰਡਾਂ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜ਼ਿਆਦਾ ਪਾਣੀ ਭਰਨ ਤੋਂ ਰੋਕਣ ਲਈ ਨੱਕੇ ਮਾਰਨੇ ਪਏ। ਇਸ ਮੀਂਹ ਨਾਲ ਬੇਸ਼ਕ ਝੋਨੇ ਦੀ ਫ਼ਸਲ ਨੂੰ ਨੁਕਸਾਨ ਨਹੀਂ ਹੋਇਆ ਪਰ ਚਾਰਾ, ਮੂੰਗੀ ਤੇ ਨਰਮਾ ਤੇ ਕਪਾਹ ਦੀ ਫ਼ਸਲਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
ਇਥੇ ਭਾਰੀ ਮੀਂਹ ਕਾਰਨ ਅੰਡਰਬ੍ਰਿਜ ’ਚ ਕਰੀਬ 5 ਫੁੱਟ ਪਾਣੀ ਭਰ ਗਿਆ ਅਤੇ ਇੱਕ ਕਾਰ ਫ਼ਸ ਗਈ ਜਿਸ ਵਿੱਚ ਨਾਬਾਲਗ ਮੁਟਿਆਰਾਂ ਸਨ। ਸੂਚਨਾ ਮਿਲਦੇ ਸਾਰ ਸਮਾਜ ਸੇਵਾ ਸੁਸਾਇਟੀ ਆਗੂ ਤੇ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਤੇ ਹੋਰ ਸਮਾਜ ਸੇਵੀ ਮੌਕੇ ਉੱਤੇ ਪੁੱਜੇ। ਮੇਅਰ ਬਲਜੀਤ ਸਿੰਘ ਚਾਨੀ ਨੇ ਖੁਦ ਡੂੰਘੇ ਪਾਣੀ ਵਿਚੋਂ ਕੁੜੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਹ ਕੁੜੀਆਂ ਪਿੰਡ ਹਿੰਮਤਪੁਰਾ ਦੀਆਂ ਰਹਿਣ ਵਾਲੀਆਂ ਦੱਸੀਆਂ ਜਾਂਦੀਆਂ ਹਨ। ਸ਼ਹਿਰ ਦੇ ਬਾਕੀ ਨੀਵੇਂ ਇਲਾਕਿਆਂ ’ਚ ਵੀ ਗੋਡੇ-ਗੋਡੇ ਪਾਣੀ ਭਰ ਗਿਆ ਤੇ ਸੜਕਾਂ ਵਿੱਚ ਪਾਣੀ ਨਹਿਰਾਂ ਵਾਂਗ ਵਗ ਰਿਹਾ ਸੀ। ਸੀਵਰੇਜ ਜਾਮ ਹੋਣ ਕਾਰਨ ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਰਿਹਾ। ਹਾਲਾਂ ਕਿ ਲੋਕ ਸੋਸ਼ਲ ਮੀਡੀਆ ਉੱਤੇ ਪੋਸਟਾਂ ਨਾਲ ਨਗਰ ਨਿਗਮ ਉੱਤੇ ਵਿਅੰਗ ਕੱਸ ਰਹੇ ਹਨ ਕਿ ਸ਼ਹਿਰ ਦੀ ਕਿਸਮਤ ਬਦਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਸ਼ਹਿਰ ਵਾਸੀ ਅਤੇ ਪੀੜਤ ਦੁਕਾਨਦਾਰ ਸਮੇਂ ਸਮੇਂ ’ਤੇ ਹਾਕਮ ਧਿਰ ਅਤੇ ਅਫਸਰਾਂ ਨੂੰ ਆਪਣਾ ਦੁੱਖ ਦੱਸ ਕੇ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕਰਦੇ ਆ ਰਹੇ ਹਨ। ਪਿਛਲੇ ਵੀਹ ਪੱਚੀ ਸਾਲਾਂ ਤੋਂ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ।
ਸ਼ਹਿਣਾ (ਪੱਤਰ ਪ੍ਰੇਰਕ): ਸ਼ਹਿਣਾ ਇਲਾਕੇ ’ਚ ਅੱਜ ਸਵੇਰੇ ਭਰਵੀਂ ਬਾਰਿਸ਼ ਹੋਈ। ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ। ਬਾਰਸ ਨੇ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ, ਉੱਥੇ ਹੀ ਮੱਕੀ ਦਾ ਆਚਾਰ ਪਾਉਣ ਵਾਲਿਆਂ ਨੂੰ ਕਠਿਨਾਈ ਹੋਈ।
ਮਾਨਸਾ ਵਿਚ ਲੋਕਾਂ ਦੇ ਘਰਾਂ ’ਚ ਦਾਖ਼ਲ ਹੋਇਆ ਮੀਂਹ ਦਾ ਪਾਣੀ
ਮਾਨਸਾ (ਜੋਗਿੰਦਰ ਸਿੰਘ ਮਾਨ): ਇਥੇ ਅੱਜ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ। ਲੋਕ ਹਾਲੇ ਸੁੱਤੇ ਪਏ ਸਨ ਤੇ ਉਨ੍ਹਾਂ ਨੂੰ ਉੱਠਦੇ ਸਾਰ ਪਾਣੀ ਕੱਢਣ ਦੀ ਬਿਪਤਾ ਪੈ ਗਈ। ਇਸ ਮੀਂਹ ਨੇ ਮਾਨਸਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ-ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਕਾਰਨ ਅਧਿਆਪਕਾਂ ਅਤੇ ਬੱਚਿਆਂ ਨੂੰ ਸਮੇਂ-ਸਿਰ ਸਕੂਲ ਪੁੱਜਣ ’ਚ ਦਿੱਕਤ ਆਈ। ਦੇਰ ਸ਼ਾਮ ਤੱਕ ਵੀ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗ ਜਲ-ਥਲ ਸਨ। ਬੇਸ਼ੱਕ ਨਗਰ ਕੌਂਸਲ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਅੱਜ ਪਏ ਮੀਂਹ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿੱਕਲਣ ਜੋਗੇ ਨਹੀਂ ਛੱਡਿਆ, ਕਿਉਂਕਿ ਸ਼ਹਿਰ ਦੇ ਹਰ ਹਿੱਸੇ ਵਿਚਲੀਆਂ ਗਲੀਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਸੀ। ਸ਼ਹਿਰ ਦੇ ਅੰਡਰਬ੍ਰਿਜ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ, ਅਨੇਕਾਂ ਲੋਕਾਂ ਦੇ ਸਕੂਟਰ-ਮੋਟਰ ਸਾਈਕਲ ਇਸ ਪਾਣੀ ਵਿਚ ਬੰਦ ਹੋ ਗਏ। ਕਾਰਾਂ ਬੰਦ ਹੋਣ ਤੋਂ ਬਾਅਦ ਮੁੜ ਸਟਾਰਟ ਨਾ ਹੋਈਆਂ। ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਬੰਦੋਬਸਤ ਕੀਤੇ ਹੋਏ ਹਨ ਪਰ ਅਚਨਚੇਤ ਪਏ ਮੀਂਹ ਕਾਰਨ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਨੂੰ ਕੱਢਣ ਲਈ ਬਕਾਇਦਾ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਕੇ ਇਸ ਨੂੰ ਛੇਤੀ ਹੀ ਸ਼ਹਿਰ ’ਚ ਕੱਢ ਦਿੱਤਾ ਜਾਵੇਗਾ।