ਸਿਹਤ ਵਿਭਾਗ ਦੀ ਟੀਮ ਨੇ ਕਸਬਾ ਸ਼ਹਿਣਾ ਵਿੱਚ ਅੱਜ ਇੱਕ ਹਲਵਾਈ ਦੀ ਦੁਕਾਨ ਤੋਂ ਮਠਿਆਈ ਦਾ ਸੈਂਪਲ ਭਰਿਆ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਸੈਂਪਲ ਲੈਬ ਵਿੱਚ ਟੈਸਟ ਲਈ ਭੇਜਿਆ ਜਾਵੇਗਾ। ਜੇਕਰ ਕੋਈ ਕੁਤਾਹੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਇਸ ਦੁਕਾਨ ਤੋਂ ਇੱਕ ਧਾਰਮਿਕ ਸਥਾਨ ’ਤੇ ਲੱਡੂ ਗਏ ਸਨ ਅਤੇ ਲੱਡੂਆਂ ਵਿੱਚੋਂ ਬਦਬੂ ਮਾਰ ਰਹੀ ਸੀ। ਕਿਸਾਨ ਯੂਨੀਅਨ ਨੇ ਇਸ ਸਬੰਧੀ ਸਖ਼ਤ ਸਟੈਂਡ ਲੈਂਦਿਆਂ ਦੁਕਾਨ ਅੱਗੇ ਧਰਨਾ ਲਾ ਦਿੱਤਾ ਸੀ ਅਤੇ ਇਸ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕਰ ਦਿੱਤੀ ਸੀ।
ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਜੇਕਰ ਸਿਹਤ ਵਿਭਾਗ ਨੇ ਕਿਸੇ ਕਿਸਮ ਦੀ ਰਿਆਇਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੀ ਦੇਰੀ ਕਾਰਨ ਸਬੰਧਤ ਦੁਕਾਨਦਾਰ ਨੇ ਬਦਬੂਦਾਰ ਸਮਾਨ ਸੁਟਵਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜੇ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲੈਂਦਾ?

