ਹਰਸਿਮਰਤ ਵੱਲੋਂ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਹਲਕੇ ਦੇ ਪਿੰਡ ਕੋਠੇ ਨਾਥੀਆਣਾ ਅਤੇ ਮਹਿਮਾ ਭਗਵਾਨਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਮੀਂਹ ਕਾਰਨ ਪਾਣੀ ਵਿੱਚ ਡੁੱਬੇ ਝੋਨੇ ਦੇ ਖੇਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਕਿਸਾਨਾਂ ਨੂੰ ਮਿਲਦੇ ਹੋਏ ਪੰਜਾਬ ਸਰਕਾਰ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਵਿਧਾਇਕ ਕੋਲ ਕਿਸਾਨਾਂ ਦੀ ਗੱਲ ਸੁਣਨ ਲਈ ਵੀ ਸਮਾਂ ਨਹੀਂ। ਉਨ੍ਹਾਂ ਮੁੱਖ ਮੰਤਰੀ ਦੀ ਨੀਤੀ ’ਤੇ ਵਿਅੰਗ ਕੱਸਦਿਆਂ ਕਿਹਾ, “ਮੁਰਗੀ ਮਰੀ ਦੇ ਪੈਸੇ ਦੇਣ ਦੀ ਗੱਲ ਕਰਨ ਵਾਲਿਆਂ ਨੂੰ ਝੋਨੇ ਦੀ ਤਬਾਹੀ ਨਹੀਂ ਦਿਸਦੀ। ਇਹ ਸਾਰੇ ਦਾਅਵੇ ਹੁਣ ਹਵਾ ਹੋ ਚੁੱਕੇ ਹਨ।” ਹਰਸਿਮਰਤ ਬਾਦਲ ਨੇ ਕਿਹਾ ਕਿ ਹਲਕੇ ਦੇ ਕਿਸਾਨ ਫ਼ਸਲ ਬਰਬਾਦ ਹੋਣ ਕਾਰਨ ਪਰੇਸ਼ਾਨ ਹਨ ਪਰ ਸਰਕਾਰ ’ਤੇ ਕੋਈ ਅਸਰ ਨਹੀਂ। ਉਨ੍ਹਾਂ ਬਠਿੰਡਾ ਪ੍ਰਸ਼ਾਸਨ ਨੂੰ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਟਿੰਗਾਂ ਤੋਂ ਫੁਰਸਤ ਨਹੀਂ ਹੈ।
ਉਨ੍ਹਾਂ ਕੋਠੇ ਨਾਥੀਆਣਾ ਅਤੇ ਮਹਿਮਾ ਭਗਵਾਨਾਂ ਦੇ ਰਕਬੇ ਅਧੀਨ ਲਗਪਗ 150 ਏਕੜ ਖੇਤ ਪਾਣੀ ਵਿੱਚ ਡੁੱਬ ਗਏ ਰਕਬੇ ਵਾਲੇ ਕਿਸਾਨਾਂ ਬਲਵਿੰਦਰ ਸਿੰਘ, ਇਕਬਾਲ ਸਿੰਘ, ਗੁਰਤੇਜ ਸਿੰਘ, ਜਸਕਰਨ ਸਿੰਘ, ਪੰਜਾਬ ਸਿੰਘ, ਸੁਰਜੀਤ ਸਿੰਘ, ਤੇਜ ਸਿੰਘ ਅਤੇ ਗੁਰਜੰਟ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਹਮਦਰਦੀ ਪ੍ਰਗਟਾਈ। ਉਨ੍ਹਾਂ ਪਾਣੀ ਨਿਕਾਸੀ ਲਈ ਖੇਤਾਂ ਵਿੱਚ ਬੋਰ ਲਾਉਣ ਲਈ 3 ਲੱਖ ਦੀ ਗਰਾਂਟ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਦੌਰੇ ਦੀ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਸਾਹਿਬ ਲੱਖੀ ਜੰਗਲ ਵਿੱਚ ਮੱਥਾ ਟੇਕਣ ਮਗਰੋਂ ਕੀਤੀ। ਇਸ ਤੋਂ ਬਾਅਦ ਉਹ ਪਿੰਡ ਸਿਵੀਆਂ ਪਹੁੰਚੇ ਜਿੱਥੇ ਉਨ੍ਹਾਂ ਨੇ ਅਜੈਬ ਸਿੰਘ ਦੇ ਪੋਤਰੇ ਦੀ ਮੌਤ ਉਤੇ ਦੁੱਖ ਪ੍ਰਗਟਾਇਆ। ਨਾਲ ਹੀ ਉਨ੍ਹਾਂ ਨੇ ਗੋਨਿਆਣਾ ਦੇ ਟਕਸਾਲੀ ਆਗੂ ਪ੍ਰਸੋਤਮ ਦਾਸ ਟੰਡਣ ਦੀ ਧਰਮ ਪਤਨੀ ਦੇ ਦੇਹਾਂਤ ਉੱਤੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸਰਪੰਚ ਰਾਜਵਿੰਦਰ ਸਿੰਘ ਨਹਿਰੂ, ਬਲਦੇਵ ਸਿੰਘ ਮਹਿਮਾ ਸਰਜਾ, ਸਾਬਕਾ ਬਲਾਕ ਸਮਿਤੀ ਮੈਂਬਰ ਜਗਤਾਰ ਸਿੰਘ ਤਾਰਾ ਬਰਾੜ, ਸੁਖਚੈਨ ਸਿੰਘ ਮਹਿਮਾ ਸਰਜਾ, ਜਸਪ੍ਰੀਤ ਸਿੰਘ ਬਰਾੜ, ਬੇਅੰਤ ਸਿੰਘ ਲੱਖੀ ਜੰਗਲ ਆਦਿ ਹਾਜ਼ਰ ਰਹੇ।