ਗੁਰਤੇਜ ਖੋਸਾ ਫ਼ਰੀਦਕੋਟ ਯੋਜਨਾ ਕਮੇਟੀ ਦੇ ਚੇਅਰਮੈਨ ਨਿਯੁਕਤ
ਪੰਜਾਬ ਸਰਕਾਰ ਨੇ ਫਰੀਦਕੋਟ ਯੋਜਨਾ ਕਮੇਟੀ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਦੀ ਥਾਂ ’ਤੇ ਗੁਰਤੇਜ ਸਿੰਘ ਖੋਸਾ ਨੂੰ ਯੋਜਨਾ ਕਮੇਟੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਗੁਰਤੇਜ ਸਿੰਘ ਖੋਸਾ ਪਹਿਲਾਂ ਨਗਰ ਸੁਧਾਰ ਟਰੱਸਟ ਫਰੀਦਕੋਟ ਦੇ ਚੇਅਰਮੈਨ ਸਨ ਪ੍ਰੰਤੂ ਇਸੇ ਸਾਲ ਗੁਰਤੇਜ ਸਿੰਘ ਖੋਸਾ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਹਟਾ ਕੇ ਉਨ੍ਹਾਂ ਦੀ ਥਾਂ 'ਤੇ ਗਗਨਦੀਪ ਸਿੰਘ ਧਾਲੀਵਾਲ ਨੂੰ ਲਾ ਦਿੱਤਾ ਸੀ। ਸੁਖਜੀਤ ਸਿੰਘ ਢਿੱਲਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਖਾਸ ਮੰਨੇ ਜਾਂਦੇ ਹਨ ਜਦੋਂਕਿ ਗੁਰਤੇਜ ਸਿੰਘ ਖੋਸਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਕਰੀਬੀ ਮੰਨੇ ਜਾਂਦੇ ਹਨ। ਗੁਰਤੇਜ ਸਿੰਘ ਖੋਸਾ ਆਪ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ ਪ੍ਰੰਤੂ ਸੂਤਰਾਂ ਅਨੁਸਾਰ ਚੇਅਰਮੈਨੀ ਖੁੱਸਣ ਤੋਂ ਬਾਅਦ ਉਹ ਪਾਰਟੀ ਨਾਲ ਕੁਝ ਨਾਰਾਜ਼ ਚੱਲ ਰਹੇ ਸਨ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਦੁਬਾਰਾ ਚੇਅਰਮੈਨੀ ਦਿੱਤੀ ਹੈ। ਮੁੱਖ ਮੰਤਰੀ ਦੀ ਫਰੀਦਕੋਟ ਫੇਰੀ ਤੋਂ ਕੁਝ ਦਿਨ ਪਹਿਲਾਂ ਹੋਏ ਇਸ ਫੇਰ ਬਦਲ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਅਨੁਸਾਰ ਇਹ ਫੇਰ ਬਦਲ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਕੀਤਾ ਗਿਆ ਹੈ।