ਗੁਰਦਾਸ ਮਾਨ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਚੁਣੇ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਫਰਵਰੀ
ਬਾਰ ਐਸੋਸੀਏਸ਼ਨ ਮਾਨਸਾ ਦੀਆਂ ਚੋਣਾਂ ਵਿੱਚ ਗੁਰਦਾਸ ਸਿੰਘ ਮਾਨ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਕਿ੍ਰਸ਼ਨ ਚੰਦ ਗਰਗ ਨੂੰ 45 ਵੋਟਾਂ ਨਾਲ ਹਰਾਇਆ ਹੈ। ਇਸ ਚੋਣ ’ਚ ਪਹਿਲਾਂ ਹੀ ਸਰਬਸੰਮਤੀ ਨਾਲ ਸ਼ੁਭਮ ਗੋਇਲ ਨੂੰ ਕੋਆਰਡੀਨੇਸ਼ਨ ਸਕੱਤਰ ਅਤੇ ਮਨਿੰਦਰਾ ਸਿੰਘ ਸਿੱਧੂ ਨੂੰ ਸਕੱਤਰ ਚੁਣ ਲਿਆ ਗਿਆ ਸੀ। ਇਸ ਵਾਰ ਬਾਰ ਐਸੋਸੀਏਸ਼ਨ ਦੀ ਚੋਣ 432 ਵੋਟਾਂ ਨਾਲ ਹੋਈ ਅਤੇ 405 ਵੋਟਾਂ ਪੋਲ ਹੋਈਆਂ। ਪ੍ਰਧਾਨ ਦੇ ਅਹੁਦੇ ਲਈ ਗੁਰਦਾਸ ਸਿੰਘ ਮਾਨ ਨੂੰ 223 ਵੋਟਾਂ ਮਿਲੀਆਂ ਹਨ, ਜਦੋਂ ਕਿ ਕਿ੍ਰਸ਼ਨ ਚੰਦ ਗਰਗ ਨੂੰ 182 ਵੋਟਾਂ ਮਿਲੀਆਂ ਹਨ।ਇਸੇ ਦੌਰਾਨ ਮੀਤ ਪ੍ਰਧਾਨ ਲਈ ਹਰਿੰਦਰ ਸ਼ਰਮਾ ਨੂੰ 255 ਅਤੇ ਨਰੇਸ਼ ਕੁਮਾਰ ਨੂੰ 144 ਵੋਟਾਂ ਮਿਲੀਆਂ, ਜਿਸ ਕਾਰਨ ਹਰਿੰਦਰ ਸ਼ਰਮਾ ਆਪਣੇ ਵਿਰੋਧੀ ਨਾਲੋਂ 111 ਵੋਟਾਂ ਵੱਧ ਲੈਕੇ ਜੇਤੂ ਬਣੇ। ਗੁਰਦਾਸ ਸਿੰਘ ਮਾਨ ਪਹਿਲੀ ਵਾਰ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਚੁਣੇ ਗਏ ਹਨ। ਸਮਰਥਕਾਂ ਤੇ ਵਕੀਲਾਂ ਨੇ ਗੁਰਦਾਸ ਸਿੰਘ ਮਾਨ ਦੀ ਜਿੱਤ ਦਾ ਜਸ਼ਨ ਮਨਾਇਆ, ਗੁਲਾਲ ਖੇਡਿਆ ਅਤੇ ਲੱਡੂ ਵੰਡੇ। ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਦੇ ਹਮੇਸ਼ਾ ਰਿਣੀ ਰਹਿਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਅਹੁਦੇ ਦੇ ਯੋਗ ਸਮਝਿਆ ਹੈ।
ਫਰੀਦਕੋਟ: ਐਡਵੋਕੇਟ ਗੁਰਜੁਗਪਾਲ ਬਣੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਫਰੀਦਕੋਟ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਐਡਵੋਕੇਟ ਗੁਰਜੁਗਪਾਲ ਸਿੰਘ ਨੇ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ। ਹਾਲਾਂਕਿ ਉਸ ਦੇ ਬਾਕੀ ਸਾਰੇ ਸਾਥੀ ਚੋਣ ਹਾਰ ਗਏ।
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਲਾਭ ਸਿੰਘ ਔਲਖ ਦਿੱਤੀ ਗਈ ਜਾਣਕਾਰੀ ਅਨੁਸਾਰ ਕੁੱਲ 510 ਵੋਟਾਂ ਪੋਲ ਹੋਈਆਂ ਅਤੇ ਐਡਵੋਕੇਟ ਗੁਰਜੁਗਪਾਲ ਸਿੰਘ ਨੇ 296 ਵੋਟਾਂ ਹਾਸਲ ਕਰਕੇ 83 ਵੋਟਾਂ ਦੇ ਫਰਕ ਨਾਲ ਪ੍ਰਧਾਨਗੀ ਦੀ ਚੋਣ ਜਿੱਤ ਲਈ। ਇਸੇ ਤਰ੍ਹਾਂ ਜਨਰਲ ਸਕੱਤਰ ਲਈ ਸਿਮਰਵਿਜੇ ਸਿੰਘ 240 ਵੋਟਾਂ ਲੈ ਕੇ 28 ਵੋਟਾਂ ਦੇ ਫਰਕ ਨਾਲ, ਜੁਆਇੰਟ ਸਕੱਤਰ ਲਈ ਹਰਦਮ ਸਿੰਘ ਨੇ 258 ਵੋਟਾਂ ਲੈ ਕੇ 8 ਵੋਟਾਂ ਦੇ ਫਰਕ ਨਾਲ, ਵਾਈਸ ਪ੍ਰਧਾਨ ਦੀ ਚੋਣ ਵਿਪਨ ਤਾਇਲ ਨੇ 268 ਵੋਟਾਂ ਲੈ ਕੇ 26 ਵੋਟਾਂ ਦੇ ਫਰਕ ਨਾਲ ਜਦਕਿ ਐਡਵੋਕੇਟ ਰੇਖਾ ਦਖੋਰੀਯਾ ਨੇ 266 ਵੋਟਾਂ ਹਾਸਲ ਕਰਕੇ 22 ਵੋਟਾਂ ਨਾਲ ਜੇਤੂ ਰਹੇ। ਜੇਤੂ ਰਹੀ ਟੀਮ ਨੇ ਕਿਹਾ ਕਿ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਭਲਾਈ ਲਈ ਯਤਨਸ਼ੀਲ ਰਹੇਗੀ।
ਬਠਿੰਡਾ: ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੁੜ ਪ੍ਰਧਾਨ ਬਣੇ ਗੁਰਵਿੰਦਰ ਮਾਨ
ਰਣਜੀਤ ਸਿੰਘ ਜਲਾਲ ਨੂੰ 61 ਵੋਟਾਂ ਦੇ ਫਰਕ ਨਾਲ ਹਰਾਇਆ
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਜ਼ਿਲ੍ਹਾ ਵਿੱਚ ਅੱਜ ਹੋਈਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਬਠਿੰਡਾ ਡਿਸਟਿਕ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਗੁਰਵਿੰਦਰ ਸਿੰਘ ਮਾਨ ਦੂਜੀ ਵਾਰ ਬਾਜ਼ੀ ਮਾਰ ਗਏ ਹਨ। ਉਨ੍ਹਾਂ ਨੇ ਆਪਣੇ ਪਰਸਪਰ ਵਿਰੋਧੀ ਰਣਜੀਤ ਸਿੰਘ ਜਲਾਲ ਨੂੰ 61 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਦੌਰਾਨ ਗੁਰਵਿੰਦਰ ਸਿੰਘ ਮਾਨ ਨੂੰ 736 ਵੋਟਾਂ ਤੇ ਰਣਜੀਤ ਸਿੰਘ ਜਲਾਲ ਨੂੰ 675 ਵੋਟਾਂ ਪਈਆਂ।
ਸੈਕਟਰੀ ਦੇ ਅਹੁਦੇ ’ਤੇ ਕੁਲਦੀਪ ਸਿੰਘ ਜੀਦਾ ਨੇ ਤਿੰਨਾਂ ਵਿਰੋਧੀਆਂ ਨੂੰ ਚਿੱਤ ਕਰਦੇ ਹੋਏ 242 ਵੋਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇ ਵਿਰੋਧੀ ਥੋਮਸ ਭੰਗਣ ਨੂੰ 312 ਵੋਟਾਂ ਨਾਲ ਸਬਰ ਕਰਨਾ ਪਿਆ ਜਦਕਿ ਇਸ ਅਹੁਦੇ ’ਤੇ ਹਾਰੇ ਦੂਜੇ ਉਮੀਦਵਾਰਾਂ ਡਿੰਪਲ ਜਿੰਦਲ ਨੂੰ 288 ਅਤੇ ਡੀਐਸ ਦਵਿੰਦਰਾ ਨੂੰ 276 ਵੋਟਾਂ ਮਿਲੀਆਂ। ਜੁਆਇੰਟ ਸੈਕਟਰੀ ਚੋਣ ਵਿੱਚ ਵਿਕਾਸ ਫੁਟੇਲਾ ਨੇ 901 ਵੋਟਾਂ ਹਾਸਲ ਕਰਦਿਆਂ 406 ਵੋਟਾਂ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ । ਉਨ੍ਹਾਂ ਦੇ ਵਿਰੋਧੀ ਹਰਿੰਦਰ ਸਿੰਘ ਮੱਕੜ ਨੂੰ 495 ਵੋਟਾਂ ਮਿਲੀਆਂ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਚੋਣ ਅਬਜਰਵਰ ਐਡਵੋਕੇਟ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਕੁੱਲ 1695 ਵੋਟਾਂ ਸਨ ਜਿਨ੍ਹਾਂ ਵਿੱਚੋਂ 1420 ਵੋਟਾਂ ਪੋਲ ਹੋਈਆਂ। ਦੱਸਣਯੋਗ ਹੈ ਕਿ ਉਪ ਪ੍ਰਧਾਨ ਗੁਲਸ਼ਨਦੀਪ ਸਿੰਘ ਅਤੇ ਖਜ਼ਾਨਚੀ ਅਹੁਦੇ ਲਈ ਮਹਿਲਾ ਵਕੀਲ ਉਮਾ ਗਿਰੀ ਪਹਿਲਾ ਹੀ ਨਿਰਵਿਰੋਧ ਜੇਤੂ ਰਹੇ ਸਨ। ਜਿੱਤ ਮਗਰੋਂ ਗੁਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਉਹ ਵਕੀਲ ਭਾਈਚਾਰੇ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ।