ਦਰਜਾ ਚਾਰ ਕਰਮਚਾਰੀਆਂ ਵੱਲੋਂ ਮੰਤਰੀ ਖ਼ਿਲਾਫ਼ ਪ੍ਰਦਰਸ਼ਨ
ਦਿ ਕਲਾਸ ਫ਼ੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਪ੍ਰਤੀਨਿਧਾਂ ਨੇ ਆਪਣੀਆਂ ਮੰਗਾਂ ਦੇ ਸਬੰਧ ’ਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਸਾੜਿਆ। ਜ਼ਿਲ੍ਹਾ ਚੇਅਰਮੈਨ ਮਨਜੀਤ ਸਿੰਘ ਪੰਜੂ ਅਤੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਬੇਲਦਾਰਾਂ ਦੇ ਕੀਤੇ ਤਬਾਦਲੇ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ’ਚ ਫ਼ੀਲਡ ਸਟਾਫ਼ ਦੀਆਂ ਪੋਸਟਾਂ ਨੂੰ ਸਰ-ਪਲੱਸ ਕਰਕੇ ਮੇਟਾਂ, ਗੇਜ ਰੀਡਰਾਂ ਅਤੇ ਬੇਲਦਾਰਾਂ ’ਤੇ ਦੁੱਗਣਾ ਬੋਝ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਹੈੱਡ ਤੋਂ ਟੇਲਾਂ ਤੱਕ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਂਦੇ ਹਨ, ਪਰ ਸਰਕਾਰ ਇਨ੍ਹਾਂ ਦੇ ਹਿਤਾਂ ਨੂੰ ਅਣਡਿੱਠ ਕਰ ਰਹੀ ਹੈ। ਇਸ ਮੌਕੇ ਹਰੀ ਸ਼ੰਕਰ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਸੰਜੀਵ ਕੁਮਾਰ ਬਦਿਆਲਾ, ਗੁਰਲਾਲ ਸਿੰਘ ਬੰਗੀ, ਚਰਨਜੀਤ ਸਿੰਘ, ਸੋਹਣ ਲਾਲ, ਪ੍ਰੇਮ ਨਾਥ, ਅੰਮ੍ਰਿਤਪਾਲ, ਬਲਕਰਨ ਸਿੰਘ ਤੇ ਕ੍ਰਿਸ਼ਨ ਸਿੰਘ ਜੰਗੀਰਾਣਾ ਆਦਿ ਹਾਜ਼ਰ ਸਨ।