ਪਾਣੀ ਦੀ ਰਾਖੀ ਲਈ ਹਰ ਕਾਨੂੰਨੀ ਕਦਮ ਚੁੱਕੇਗੀ ਸਰਕਾਰ: ਸੰਧਵਾਂ
ਮਹਿੰਦਰ ਸਿੰਘ ਰੱਤੀਆ
ਮੋਗਾ, 18 ਮਈ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਿੱਸੇ ਵਿੱਚੋਂ ਹਰਿਆਣਾ ਨੂੰ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਦੇਵੇਗੀ ਅਤੇ ਆਪਣੇ ਬਣਦੇ ਹਿੱਸੇ ਦੇ ਪਾਣੀ ਦੀ ਰਾਖੀ ਲਈ ਹਰ ਕਾਨੂੰਨੀ ਤੇ ਸੰਵਿਧਾਨਕ ਕਦਮ ਚੁੱਕੇਗੀ।
ਸ੍ਰੀ ਸੰਧਵਾਂ ਇਥੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਰੱਖੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਬੀਬੀਐੱਮਬੀ ਦਾ ਗਠਨ ਅਸਲ ਵਿੱਚ ਸਤਲੁਜ ਤੇ ਬਿਆਸ ਦੇ ਪਾਣੀਆਂ ਦੇ ਪ੍ਰਬੰਧਨ ਲਈ ਹੋਇਆ ਸੀ। ਇਹ ਦੋਵੇਂ ਦਰਿਆ ਪੰਜਾਬ ਵਿੱਚ ਵਹਿੰਦੇ ਹਨ ਜਿਸ ਕਰਕੇ ਇਨ੍ਹਾਂ ਪਾਣੀਆਂ ’ਤੇ ਪੂਰੀ ਤਰ੍ਹਾਂ ਪੰਜਾਬ ਦਾ ਹੱਕ ਹੈ। ਹਰਿਆਣਾ ਜਾਂ ਰਾਜਸਥਾਨ ਦਾ ਇਨ੍ਹਾਂ ਨਦੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਫੂਡ ਪ੍ਰਾਸੈਸਿੰਗ ਸਨਅਤ ਵਿਕਸਤ ਕਰਨ ’ਤੇ ਜ਼ੋਰ ਦਿੰਦੇ ਕਿਹਾ ਕਿ ਇਹ ਸ਼ਾਇਦ ਸਭ ਤੋਂ ਅਹਿਮ ਖੇਤਰ ਹੈ ਜੋ ਪੰਜਾਬ ਨੂੰ ਬਦਲ ਸਕਦਾ ਹੈ ਅਤੇ ਕ੍ਰਾਂਤੀ ਲਿਆ ਸਕਦਾ ਹੈ। ਪ੍ਰਾਸੈਸਿੰਗ, ਸਬਜ਼ੀਆਂ, ਫਲਾਂ ਅਤੇ ਅਨਾਜ ਬਰਾਮਦ ਕਰਨ ਤੋਂ ਹੋਣ ਵਾਲਾ ਵਿੱਤੀ ਲਾਭ ਲਾਹੇਵੰਦ ਸਾਬਤ ਹੋ ਸਕਦਾ ਹੈ। ਇਸ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੀਆਂ ਅਨੇਕਾਂ ਸਕੀਮਾਂ ਚੱਲ ਰਹੀਆਂ ਹਨ। ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉੱਦਮੀਆਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਹੁਤ ਨਾਜ਼ੁਕ ਹੈ। ਸੂਬਾ ਸਰਕਾਰ ਨੇ ਬੰਦ ਪਈਆਂ ਨਹਿਰਾਂ, ਕੱਸੀਆਂ, ਨਾਲਿਆਂ ਨੂੰ ਮੁੜ ਸੁਰਜੀਤ ਕਰਨ ਲਈ 4 ਹਜ਼ਾਰ ਕਰੋੜ ਖਰਚ ਕੀਤੇ ਹਨ। ਅੱਜ ਪੰਜਾਬ ਦੇ ਲਗਪਗ 60 ਫ਼ੀਸਦ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ, ਇਸੇ ਲਈ ਹੁਣ ਪੰਜਾਬ ਦੇ ਪਾਣੀ ਦੀ ਇਕ-ਇਕ ਬੂੰਦ ਪੰਜਾਬ ਲਈ ਬਹੁਤ ਕੀਮਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹੁਣ ਆਪਣੇ ਹਿੱਸੇ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਦੇਣ ਲਈ ਨਹੀਂ ਹੈ।
ਵਿਸ਼ਵਕਰਮਾ ਭਵਨ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 302ਵੇਂ ਜਨਮ ਦਿਹਾੜੇ ਮੌਕੇ ਸੰਗਤਾਂ ਨੂੰ ਵਧਾਈ ਦਿੰਦੇ ਉਨ੍ਹਾਂ ਦੀ ਦੇਸ਼ ਭਗਤੀ, ਨਿਰਭੈਅਤਾ, ਸੂਰਬੀਰਤਾ ਅਤੇ ਕੁਰਬਾਨੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰਬਾਬ ਤੋਂ ਸ਼ੁਰੂ ਹੋ ਕੇ ਰਣਜੀਤ ਨਗਾੜੇ ਤੱਕ ਦੇ ਇਤਿਹਾਸ ਵਿੱਚ ਉਨ੍ਹਾਂ ਦੀ ਘਾਲਣਾ ਬਹੁਤ ਵੱਡਾ ਮੀਲ ਪੱਥਰ ਹੈ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਚੇਅਰਮੈਨ ਮਲਕੀਤ ਸਿੰਘ ਥਿੰਦ, ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ, ਸਾਬਕਾ ਵਿਧਾਇਕ ਡਾ. ਹਰਕੋਤ ਕਮਲ, ਸਾਬਕਾ ਡੀਪੀਆਰਓ ਗਿਆਨ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤਮ ਸਿੰਘ ਚੀਮਾ ਹਾਜ਼ਰ ਸਨ।