ਵਪਾਰ ਮੰਡਲ ਜੈਤੋ ਦੇ ਮੈਂਬਰਾਂ ਵੱਲੋਂ ਦੀਵਾਲੀ ਦਾ ਤਿਉਹਾਰ ‘ਇੰਸਪੈਕਟਰੀ ਰਾਜ’ ਤੋਂ ਮੁਕਤ ਕਰਨ ਲਈ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਸਬੰਧੀ ਸਮਾਗਮ ਦੌਰਾਨ ਵਪਾਰ ਮੰਡਲ ਜੈਤੋ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ (ਸ਼ੈਲੀ) ਨੇ ਕਿਹਾ ਕਿ ਅਤੀਤ ਦੀਆਂ ਸਰਕਾਰਾਂ ਦਾ ਵੀ ਉਹ ਸਮਾਂ ਸੀ, ਜਦੋਂ ਤਿਉਹਾਰਾਂ ਵੇਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਚੈਕਿੰਗ ਦੀ ਆੜ ਵਿੱਚ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਕਿਹਾ ਕਿ 2022 ’ਚ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਿਉਹਾਰਾਂ ਨੂੰ ਆੜ ਬਣਾ ਕੇ ਵਪਾਰੀਆਂ ਨੂੰ ਜ਼ਲੀਲ ਕਰਨ ਦਾ ਜ਼ਮਾਨਾ ਗੁਜ਼ਰ ਗਿਆ ਹੈ ਅਤੇ ਦੁਕਾਨਦਾਰ ਸ਼ਾਂਤੀ ਪੂਰਵਕ ਆਪਣਾ ਕਾਰੋਬਾਰ ਸਾਫ਼ ਸੁਥਰੇ ਢੰਗ ਨਾਲ ਚਲਾਉਣ ਲਈ ਭੈਅ ਮੁਕਤ ਹੋਏ ਹਨ। ਉਨ੍ਹਾਂ ਚੰਗੇ ਦਿਨ ਪਰਤਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਅਮੋਲਕ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਵਪਾਰ ਕਿਸੇ ਵੀ ਸੂਬੇ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਸਾਫ਼ਗੋਈ ਨਾਲ ਛੋਟਾ ਵਪਾਰ ਕਰਨ ਵਾਲੇ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਹਿਤਾਂ ਦੀ ਹਿਫ਼ਾਜ਼ਤ ਕਰਨਾ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਫ਼ਰਜ਼ਾਂ ਨੂੰ ਇਸੇ ਤਰ੍ਹਾਂ ਬਾਖ਼ੂਬੀ ਨਿਭਾਉਂਦੀ ਰਹੇਗੀ।
ਵਿਧਾਇਕ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿੱਚ ਆਪਣੇ ਕਾਰੋਬਾਰ ਨੂੰ ਹੋਰ ਵਸੀਹ ਬਣਾਉਣ ਲਈ ਸਰਕਾਰ ਨੂੰ ਸੁਝਾਅ ਦੇਣ, ਤਾਂ ਜੋ ਸੁਝਾਵਾਂ ਦੀ ਰੌਸ਼ਨੀ ਵਿੱਚ ਸਰਕਾਰ ਉਸਾਰੂ ਤੇ ਹਾਂ-ਪੱਖੀ ਵਪਾਰਿਕ ਨੀਤੀਆਂ ’ਤੇ ਡਟ ਕੇ ਪਹਿਰੇਦਾਰੀ ਕਰ ਸਕੇ।

