ਅੱਜ ਗਿੱਦੜਬਾਹਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ। ਆਪ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਭੰਗਾਲ ਵੱਲੋਂ ਆੜ੍ਹਤੀ ਫਰਮ ਮੈਸ. ਬਿਹਾਰੀ ਲਾਲ ਰੂਪ ਸਿੰਘ ਦੇ ਕਿਸਾਨ ਬਲਦੇਵ ਸਿੰਘ ਵਾਸੀ ਪਿੰਡ ਕੋਠੇ ਹਿੰਮਤਪੁਰਾ ਦੀ ਝੋਨੇ ਦੀ ਢੇਰੀ ਨਾਲ ਨਵੇਂ ਸੀਜ਼ਨ ਦੇ ਝੋਨੇ ਦੀ ਖ਼ਰੀਦ ਦਾ ਆਗਾਜ਼ ਕੀਤਾ। ਕਿਸਾਨ ਬਲਦੇਵ ਸਿੰਘ ਦੇ ਝੋਨੇ ਦੀ ਖ਼ਰੀਦ ਏਜੰਸੀ ਵੇਅਰ ਹਾਊਸ ਦੇ ਇੰਸਪੈਟਕਰ ਸੁਨੀਲ ਗੋਇਲ ਵੱਲੋਂ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨੇ ਕਿਹਾ ਕਿ ਮਾਰਕੀਟ ਕਮੇਟੀ ਅਧੀਨ ਆਉਂਦੀ ਮੁੱਖ ਮੰਡੀ ਅਤੇ ਹੋਰਨਾਂ ਖਰੀਦ ਕੇਂਦਰਾਂ ਤੇ ਝੋਨਾ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਕਿਸੇ ਵੀ ਕਿਸਾਨ, ਆੜ੍ਹਤੀ ਤੇ ਮਜ਼ਦੂਰ ਨੂੰ ਸੀਜ਼ਨ ਦੌਰਾਨ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਬਾਂਸਲ, ਸੁਭਾਸ਼ ਜੈਨ ਲਿੱਲੀ, ਵਿਜੇ ਪਾਲ ਗੋਇਲ, ਏ ਐੱਫ ਐੱਸ ਓ ਰੁਪਿੰਦਰ ਸਿੰਘ, ਮਾਰਕਫੈੱਡ ਦੇ ਮੈਨੇਜਰ ਵਰਿੰਦਰਪਾਲ ਸਿੰਘ ਕਿੰਗਰਾ, ਪਨਗ੍ਰੇਨ ਦੇ ਇੰਸਪੈਕਟਰ ਲੋਕੇਸ਼ ਬਾਂਸਲ, ਪਨਸਪ ਦੇ ਇੰਸਪੈਕਟਰ ਸਚਿਨ ਬਾਂਸਲ, ਜੁਗਨੂੰ ਸ਼ਰਮਾ, ਯੋਗੇਸ਼ ਜੌਲੀ, ਨਵੀਨ ਮਿੱਤਲ, ਅੰਮ੍ਰਿਤ ਗੋਇਲ ਅਤੇ ਵਿੱਕੀ ਗੁਪਤਾ ਆਦਿ ਵੀ ਮੌਜੂਦ ਸਨ।
ਇਸੇ ਤਰ੍ਹਾਂ ਭੁੱਚੋ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿੱਚ ਅੱਜ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਝੋਨੇ ਦੀ ਬੋਲੀ ਸ਼ੁਰੂ ਕਰਵਾਈ। ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਦੀ ਅਗਵਾਈ ਹੇਠ ਖ਼ਰੀਦ ਏਜੰਸੀ ਪਨਗ੍ਰੇਨ ਦੇ ਅਧਿਕਾਰੀਆਂ ਨੇ ਅਨਾਜ ਮੰਡੀ ਵਿੱਚ ਕਿਣ ਲਈ ਆਈ ਝੋਨੇ ਦੇ 1500 ਗੱਟੇ ਦੀ ਕੁੱਲ ਆਮਦ ਨੂੰ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤੀ। ਚੇਅਰਮੇਨ ਸੁਰਿੰਦਰ ਬਿੱਟੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੇਚਣ ਲਈ ਅਨਾਜ ਮੰਡੀ ਵਿੱਚ 17 ਫੀਸਦੀ ਨਮੀ ਵਾਲਾ ਝੋਨਾ ਹੀ ਲੈ ਕੇ ਆਉਣ।