ਮਨੁੁੱਖੀ ਅਧਿਕਾਰ ਦਿਹਾੜੇ ਮੌਕੇ ਜਮਹੂਰੀ ਅਧਿਕਾਰ ਸਭਾ ਨੇ ਅੱਜ ਇੱਥੇ ਟੀਚਰਜ਼ ਹੋਮ ’ਚ ‘ਮਨੁੱਖੀ ਹੱਕਾਂ ਨੂੰ ਅਜੋਕੀਆਂ ਚੁਣੌਤੀਆਂ’ ਵਿਸ਼ੇ ’ਤੇ ਵਿਚਾਰ-ਚਰਚਾ ਕਰਨ ਤੋਂ ਬਾਅਦ ਸ਼ਹਿਰ ਅੰਦਰ ਮਾਰਚ ਕੀਤਾ। ਵਿਚਾਰ-ਚਰਚਾ ’ਚ ਮੁੱਖ ਬੁਲਾਰੇ ਵਜੋਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਮਨੁੱਖੀ ਹੱਕਾਂ ਦੇ ਇਤਿਹਾਸ, ਪੂੰਜੀ ਪ੍ਰਸਤੀ ਤੋਂ ਮੁਕਤੀ, ਆਰਥਿਕ ਸਮਾਜਿਕ ਤੇ ਮਾਨਵੀ ਜ਼ਿੰਦਗੀ ਜਿਉਣ ਦੇ ਹੱਕ ਸਣੇ ਚਲੰਤ ਮਸਲਿਆਂ ’ਤੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਾਸੂਸੀ ਰਾਹੀਂ ਨਿੱਜਤਾ ਦੇ ਹੱਕ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਸੁਧਾਰਾਂ ਦੇ ਨਾਂ ਹੇਠ ਹਕੂਮਤਾਂ ’ਤੇ ਪੂੰਜੀਵਾਦ ਦੀ ਰਾਖੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕਾਂ ’ਚ ਧਰਮਾਂ, ਜਾਤਾਂ, ਕੌਮਾਂ, ਮਜ਼੍ਹਬਾਂ ਦੇ ਨਾਂਅ ’ਤੇ ਵੰਡੀਆਂ ਪਾ ਕੇ ਉਧਮ ਸਿੰਘ, ਡਾ. ਅੰਬੇਦਕਰ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ।
ਪਿ੍ਰੰ. ਬੱਗਾ ਸਿੰਘ, ਜਗਜੀਤ ਸਿੰਘ ਭੁਟਾਲ ਤੇ ਕੁਲਵੰਤ ਕੌਰ ਨੇ ਫ਼ਿਰਕਾਪ੍ਰਸਤ ਤਾਕਤਾਂ ਤੋਂ ਸਾਵਧਾਨ ਰਹਿ ਕੇ ਕਿਰਤੀ ਲੋਕਾਂ ਦੀ ਏਕਤਾ ਉਸਾਰੇ ਜਾਣ ’ਤੇ ਜ਼ੋਰ ਦਿੱਤਾ। ਡਾ. ਅਜੀਤਪਾਲ ਸਿੰਘ ਨੇ ਤਾਕਤਾਂ ਦੇ ਕੇਂਦਰੀਕਰਨ, ਸਿੱਖਿਆ ਸਿਲੇਬਸਾਂ ਦੇ ਭਗਵੇਂਕਰਨ, ਵਕਫ਼ ਸੋਧ ਬਿੱਲ, ਬਿਜਲੀ ਬਿੱਲ, ਬੀਜ ਬਿੱਲ, ਕਿਰਤ ਕਾਨੂੰਨਾਂ ਅਤੇ ਫ਼ੌਜਦਾਰੀ ਕਾਨੂੰਨਾਂ ਵਿੱਚ ਕੀਤੀਆਂ ਤਬਦੀਲੀਆਂ ਵਾਪਸ ਲੈਣ ਦੀ ਮੰਗ ਕਰਦਿਆਂ ਮਤੇ ਪੜ੍ਹੇ। ਜੇਲਾਂ ’ਚ ਬੰਦ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਤੋਂ ਇਲਾਵਾ ਨਕਸਲਵਾਦ ਨੂੰ ਖ਼ਤਮ ਕਰਨ ਦਾ ਟੀਚਾ ਮਿਥ ਕੇ ਆਦਿਵਾਸੀਆਂ ਵਿਰੁੱਧ ਚਲਾਏ ਜਾ ਰਹੇ ਫ਼ੌਜੀ ਅਪਰੇਸ਼ਨਾਂ ਨੂੰ ਬੰਦ ਕਰਨ ਦੀ ਵੀ ਮੰਗ ਕੀਤੀ ਗਈ।
ਇਸੇ ਤਰ੍ਹਾਂ ਇੱਥੇ ਕੇਂਦਰੀ ਜੇਲ੍ਹ ਤੇ ਵਿਮੈਨ ਜੇਲ੍ਹ ਵਿੱਚ ‘ਵਿਸ਼ਵ ਮਨੁੱਖੀ ਅਧਿਕਾਰ’ ਮੌਕੇ ਸੈਮੀਨਾਰ ਕਰਵਾਏ ਗਏ।

