ਲੋਕਾਂ ਨੂੰ ਚੁਟਕਲੇ ਸੁਣਾ ਕੇ ਸਮਾਂ ਲੰਘਾ ਰਹੀ ਹੈ ਸਰਕਾਰ: ਅਨਿਲ
ਮਾਨਸਾ ਵਿੱਚ ਪਾਰਟੀ ਆਗੂਆਂ ਨੂੰ ਮਿਲੇ ਆਬਜ਼ਰਵਰ ਅਨਿਲ ਚੌਧਰੀ
ਕਾਂਗਰਸ ਪਾਰਟੀ ਵੱਲੋਂ ਮਿਸ਼ਨ-2027 ਦੀ ਕਾਮਯਾਬੀ ਲਈ ਪੰਜਾਬ ਵਿੱਚ ਪਾਰਟੀ ਦਾ ਆਪਸੀ ਕਾਟੋ-ਕਲੇਸ਼ ਨਿਬੇੜਨ ਦੀ ਅੱਜ ਸਭ ਤੋਂ ਵੱਡੀ ਲੋੜ ਹੈ। ਪਾਰਟੀ ਦੇ ਮਾਨਸਾ ਜ਼ਿਲ੍ਹੇ ਵਿਚਲੇ ਆਗੂਆਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਤੋਂ ਆਏ ਆਬਜ਼ਰਵਰ ਅਨਿਲ ਚੌਧਰੀ ਕੋਲ ਅੱਜ ਆਪਣੇ ਵਿਚਾਰ ਪ੍ਰਗਟ ਕੀਤੇ। ਆਬਜ਼ਰਵਰ ਸਾਹਮਣੇ ਕੱਲ੍ਹ ਪਾਰਟੀ ਦੀ ਆਪਸੀ ਪਾਟੋ-ਧਾੜ ਨਜ਼ਰ ਆਉਣ ਬਾਅਦ ਅੱਜ ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨਗੀ ਲਈ ਦਾਅਵੇਦਾਰਾਂ ’ਚੋਂ ਇਕੱਲੇ-ਇਕੱਲੇ ਉਮੀਦਵਾਰ ਨੇ ਆਪਸੀ ਏਕਤਾ ਕਰਵਾਉਣ ਦਾ ਦਾਅਵਾ ਪੇਸ਼ ਕੀਤਾ ਗਿਆ। ਪਾਰਟੀ ਵਰਕਰਾਂ ਨੇ ਆਬਜ਼ਰਵਰ ਨੂੰ ਦੱਸਿਆ ਕਿ ਜੇਕਰ ਕਾਂਗਰਸ ਪਾਰਟੀ ਵਿੱਚ ਆਪਸੀ ਏਕਤਾ ਹੋ ਜਾਵੇ ਤਾਂ ਪਾਰਟੀ 2027 ਦੀਆਂ ਚੋਣਾਂ ਵਿੱਚ ਕਾਮਯਾਬ ਹੋ ਜਾਵੇਗੀ। ਵਰਕਰਾਂ ਨੇ ਇਹ ਵੀ ਕਿਹਾ ਕਿ ਆਗੂਆਂ ਦੀ ਹੀ ਲੜਾਈ ਹੈ, ਜਦੋਂ ਕਿ ਵਰਕਰ ਇਕਜੁੱਟ ਹਨ।
ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਅੱਜ ਦੂਸਰੇ ਦਿਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਤੋਂ ਆਏ ਅਬਜਰਬਰ ਅਨਿਲ ਚੌਧਰੀ ਮਾਨਸਾ ਸ਼ਹਿਰੀ ਬਲਾਕ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਮਿਲੇ ਅਤੇ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਉਨ੍ਹਾਂ ਦੀ ਰਾਇ ਜਾਣੀ।
ਆਬਜ਼ਰਬਰ ਅਨਿਲ ਚੌਧਰੀ ਨੇ ਕਿਹਾ ਕਿ ਸੰਗਠਨ ਸਿਰਜਣ ਅਭਿਆਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਨੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਪੰਜਾਬ ਸਰਕਾਰ ਲੋਕਾਂ ਨੂੰ ਚੁਟਕਲੇ ਸੁਣਾ ਕੇ ਟਾਇਮ ਪਾਸ ਕਰ ਰਹੀ ਹੈ ਅਤੇ ਪੰਜਾਬ ਦੇ ਹੜ੍ਹਾਂ ਵਿਚ ਘਿਰਨ ਸਮੇਂ ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਮਦਦ ਗ਼ਾਇਬ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਨੇਮ ਕੁਮਾਰ ਚੌਧਰੀ, ਗੁਰਪ੍ਰੀਤ ਸਿੰਘ ਵਿੱਕੀ, ਬਿਕਰਮ ਸਿੰਘ ਮੋਫ਼ਰ, ਨਰੋਤਮ ਸਿੰਘ ਚਹਿਲ, ਸੱਤਪਾਲ ਮੂਲੇਵਾਲਾ, ਬਲਕੌਰ ਸਿੰਘ ਮੂਸਾ, ਬਲਵਿੰਦਰ ਨਾਰੰਗ, ਐਡਵੋਕੇਟ ਬਲਕਰਨ ਸਿੰਘ ਬੱਲੀ, ਅੰਮ੍ਰਿਤਪਾਲ ਸਿੰਘ ਕੂਕਾ, ਸੰਯੋਗਪ੍ਰੀਤ ਡੈਵੀ, ਪ੍ਰਿਤਪਾਲ ਸਿੰਘ ਡਾਲ਼ੀ, ਗੁਰਦੀਪ ਸਿੰਘ ਦੀਪਾ, ਮਨਜੀਤ ਸਿੰਘ ਰਾਣਾ, ਅਮਰੀਕ ਸਿੰਘ ਝੁਨੀਰ, ਕੇਸਰ ਸਿੰਘ ਧਲੇਵਾਂ ਤੇ ਗੁਰਚਰਨ ਸਿੰਘ ਚੌਹਾਨ ਵੀ ਮੌਜੂਦ ਸਨ।
ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੇਗੀ: ਬੱਚਨ
ਬਠਿੰਡਾ (ਸ਼ਗਨ ਕਟਾਰੀਆ): ਕਾਂਗਰਸ ਦੀ ‘ਸੰਗਠਨ ਸਿਰਜਣ ਮੁਹਿੰਮ’ ਅਧੀਨ ਜ਼ਿਲ੍ਹਾ ਬਠਿੰਡਾ (ਸ਼ਹਿਰੀ) ਦੇ ਪਾਰਟੀ ਆਬਜ਼ਰਵਰ ਬਾਲਾ ਬੱਚਨ ਅੱਜ ਬਠਿੰਡਾ ਆਏ। ਮੱਧ ਪ੍ਰਦੇਸ਼ ਦੇ ਤਤਕਾਲੀ ਗ੍ਰਹਿ ਮੰਤਰੀ ਅਤੇ ਮੌਜੂਦਾ ਵਿਧਾਇਕ ਬਾਲਾ ਬਚਨ ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਰਾਜਨ ਗਰਗ ਨੂੰ ਨਾਲ ਲੈ ਕੇ ਇੱਥੇ ਗੁਰਦੁਆਰਾ ਕਿਲ੍ਹਾ ਮੁਬਾਰਕ, ਵਿਸ਼ਵਕਰਮਾ ਭਵਨ, ਗਊਸ਼ਾਲਾ ਤੋਂ ਇਲਾਵਾ ਕਸਬਾ ਮਾਈਸਰਖਾਨਾ ਵਿਖੇ ਮਾਲਵੇ ਦੇ ਪ੍ਰਸਿੱਧ ਮੰਦਰ ਅਤੇ ਤਲਵੰਡੀ ਸਾਬੋ ਸਥਿਤ ਤਖ਼ਤ ਦਮਦਮਾ ਸਾਹਿਬ ਵਿੱਚ ਨਤਮਸਤਕ ਹੋਏ। ਉਨ੍ਹਾਂ ਆਰੀਆ ਸਮਾਜ ਚੌਕ ਵਿੱਚ ਜਾ ਕੇ ਭਗਤ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਲਾ ਬਚਨ ਨੇ ਸਿਰਕੀ ਬਾਜ਼ਾਰ ਵਿੱਚ ਵਪਾਰੀਆਂ ਅਤੇ ਸੋਸ਼ਲ ਵੈਲਫ਼ੇਅਰ ਆਰਗੇਨਾਈਜੇਸ਼ਨ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਾ ਗਿੱਲ ਤੇ ਟਹਿਲ ਸਿੰਘ ਸੰਧੂ ਆਦਿ ਵੀ ਮੌਜੂਦ ਰਹੇ। ਬਾਲਾ ਬਚਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰਾਂ ਉੱਪਰ ਹੜ੍ਹ ਪੀੜਤਾਂ ਦੀ ਸਾਰ ਨਾ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ।