ਪੱਤਰ ਪ੍ਰੇਰਕਕੋਟਕਪੂਰਾ, 16 ਜੂਨਇੱਥੋਂ ਦੀ ਮੋਗਾ ਰੋਡ ’ਤੇ ਸਥਿਤ ਦੋ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਸਵੇਰੇ 4:15 ਵਜੇ ਦੇ ਕਰੀਬ ਕਾਰ ਵਿੱਚ ਸਵਾਰ ਹੋ ਕੇ ਆਏ ਪੰਜ ਚੋਰਾਂ ਨੇ ਪਹਿਲਾਂ ਦੁਕਾਨਾਂ ਦੇ ਸ਼ਟਰ ਤੋੜੇ ਅਤੇ ਅੰਦਰੋਂ ਸਾਮਾਨ ਚੋਰੀ ਕਰ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਚੋਰਾਂ ਨੇ ਇਸ ਵਾਰਦਾਤ ਨੂੰ 5 ਮਿੰਟਾਂ ਵਿੱਚ ਹੀ ਅੰਜਾਮ ਦੇ ਦਿੱਤਾ।ਜਾਣਕਾਰੀ ਅਨੁਸਾਰ ਸਵਰਨ ਕਰਿਆਨਾ ਸਟੋਰ ਦੇ ਮਾਲਕ ਦਰਸ਼ਨ ਸਿੰਘ ਅਤੇ ਨਿਊ ਆਜ਼ਾਦ ਮੈਡੀਕਲ ਸਟੋਰ ਦੇ ਮਾਲਕ ਗੁਰਪਿਆਰ ਸਿੰਘ ਅਨੁਸਾਰ ਉਨ੍ਹਾਂ ਨੂੰ ਸਵੇਰੇ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਹਨ। ਉਨ੍ਹਾਂ ਆ ਕੇ ਦੇਖਿਆ ਤਾਂ ਕਰਿਆਨਾ ਦੀ ਦੁਕਾਨ ਵਿੱਚੋਂ ਕੁਝ ਨਕਦੀ ਅਤੇ ਖਾਣ-ਪੀਣ ਦਾ ਸਾਮਾਨ ਜਦੋਂਕਿ ਦਵਾਈਆਂ ਦੀ ਦੁਕਾਨ ਦੇ ਗੱਲੇ ਵਿੱਚ ਪਈ 2000 ਹਜ਼ਾਰ ਦੀ ਨਕਦੀ, ਇਨਵਰਟਰ ਅਤੇ ਬੈਟਰੀ ਚੋਰ ਚੁੱਕ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਤੋਂ ਪਤਾ ਲੱਗਾ ਕਿ ਪੰਜ ਮੁਲਜ਼ਮ ਚਿੱਟੇ ਰੰਗ ਦੀ ਕਾਰ ਵਿੱਚ ਆਏ ਜਿਨ੍ਹਾਂ ਵਿੱਚੋਂ 4 ਜਣਿਆਂ ਨੇ ਸ਼ਟਰ ਚੁੱਕਿਆ ਅਤੇ ਦੁਕਾਨ ਵਿੱਚ ਵੜ੍ਹਕੇ ਸਾਮਾਨ ਚੋਰੀ ਕੀਤਾ।ਡੀਐੱਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਇਸ ਵਿੱਚ ਦਿਖਾਈ ਦੇ ਰਹੀ ਗੱਡੀ ਤੋਂ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।