ਘੱਗਰ ਦੇ ਪਾਣੀ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ
ਘੱਗਰ ਵਿੱਚ ਲਗਾਤਾਰ ਪਾਣੀ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਘੱਗਰ ਵਿੱਚ ਇੱਕਦਮ ਆਏ ਪਾਣੀ ਨੂੰ ਲੈ ਕੇ ਅਫ਼ਸਰਸ਼ਾਹੀ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਘੱਗਰ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਗੰਭੀਰਤਾ ਨਾਲ ਲੈਣ, ਪਰ ਅਧਿਕਾਰੀਆਂ ਕੋਲ ਪਾਣੀ ਨੂੰ ਰੋਕਣ ਅਤੇ ਘਟਾਉਣ ਦੀ ਕੋਈ ਵੀ ਬੰਦੋਬਸ਼ਤ ਲੋਕਾਂ ਨੂੰ ਵਿਖਾਈ ਨਹੀਂ ਦਿੰਦਾ ਹੈ, ਜਿਸ ਕਾਰਨ ਲੋਕ ਬੇਹੱਦ ਡਰੇ ਹੋਏ ਹਨ। ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦਾ ਕਹਿਣਾ ਹੈ ਕਿ ਜਦੋਂ ਘੱਗਰ ਦਾ ਬੰਨ੍ਹ ਟੁੱਟ ਗਿਆ ਫਿਰ ਇਸ ਨੇ ਲੋਕਾਂ ਨੂੰ ਭੱਜਣ ਨਹੀਂ ਦੇਣਾ ਹੈ, ਜਿਸ ਕਰਕੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਆਪਣੇ ਘਰ-ਬਾਰ ਤਿਆਗ ਕੇ ਡੰਗਰ-ਪਸ਼ੂਆਂ ਨੂੰ ਲੈਕੇ ਦੂਰ-ਦੁਰਾਡੇ ਰਿਸ਼ਤੇਦਾਰੀਆਂ ਵਿੱਚ ਜਾਕੇ ਪਨਾਹ ਲੈਣ ਲਈ ਮਜਬੂਰ ਹੋਣ ਲੱਗੇ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਗੁਰਪ੍ਰੀਤ ਸਿੰਘ ਬਣਾਂਵਾਲੀ, ਡਾ. ਵਿਜੈ ਸਿੰਗਲਾ ਅਤੇ ਬੁੱਧ ਰਾਮ ਨੇ ਲੋਕਾਂ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਹੈ, ਪਰ ਇਨ੍ਹਾਂ ਸੱਤਾਧਾਰੀਆਂ ਦੀ ਗੱਲ ਸੁਣਨ ਲਈ ਪਾਰਟੀ ਵਰਕਰ ਹੀ ਇਕੱਠਾਂ ਵਿੱਚ ਪੁੱਜਦੇ ਹਨ, ਜਦੋਂ ਬਹੁਤੇ ਲੋਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਹੀ ਮਸ਼ਰੂਫ਼ ਹਨ। ਅੱਜ ਪਏ ਮੀਂਹ ਨੇ ਬੰਨ੍ਹਾਂ ਦੀ ਮਜ਼ਬੂਤ ਵਾਲਾ ਕਾਰਜ ਵੀ ਠੱਲ੍ਹ ਦਿੱਤਾ ਹੈ। ਭਾਰੀ ਮੀਂਹ ਕਾਰਨ ਟਰੈਕਟਰਾਂ ਨੂੰ ਬੰਨ੍ਹਾਂ ਲਈ ਮਿੱਟੀ ਲਿਜਾਣ ਅਤੇ ਬੰਨ੍ਹਾਂ ਉਪਰ ਟਰੈਕਟਰ ਤੋਰਨ ਦੀ ਵੱਡੀ ਦਿੱਕਤ ਖੜ੍ਹੀ ਹੋਣ ਲੱਗੀ ਹੈ। ਇਸ ਸਥਿਤੀ ਵਿੱਚ ਲੋਕ ਹੁਣ ਕੁਦਰਤ ਆਸਰੇ ਹੋ ਗਏ ਹਨ। ਇਸੇ ਦੌਰਾਨ ਅੱਜ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਬੁਢਲਾਡਾ ਇਲਾਕੇ ’ਚੋਂ ਲੰਘਦੇ ਘੱਗਰ ਦਰਿਆ ਦਾ ਵਿਧਾਇਕ ਬੁੱਧ ਰਾਮ ਨੂੰ ਲੈ ਕੇ ਦੌਰਾ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਦੀ ਰਾਖੀ ਲਈ ਸੁਚੇਤ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਬਿਲਕੁਲ ਤਿਆਰ ਹੈ। ਉਨ੍ਹਾਂ ਚਾਂਦਪੁਰਾ ਬੰਨ੍ਹ ਦਾ ਦੌਰਾ ਕਰਦਿਆਂ ਲੋਕਾਂ ਨੂੰ ਬੰਨ੍ਹਾਂ ਦੀ ਰਾਖੀ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।
ਏਲਨਾਬਾਦ ’ਚ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਏਲਨਾਬਾਦ (ਜਗਤਾਰ ਸਮਾਲਸਰ): ਏਲਨਾਬਾਦ-ਰਾਣੀਆਂ ਖੇਤਰ ਵਿੱਚ ਘੱਗਰ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਇਲਾਕੇ ਦੇ ਲੋਕ ਚਿੰਤਤ ਹਨ। ਅੱਜ ਸਵੇਰ ਤੋਂ ਹੀ ਇੱਥੇ ਪਾਣੀ ਦਾ ਵਧਣਾ ਲਗਾਤਾਰ ਜਾਰੀ ਹੈ, ਜਿਸ ਕਾਰਨ ਘੱਗਰ ਨਦੀ ਦੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਨਦੀ ਦੇ ਬੰਨ੍ਹਾਂ ’ਤੇ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ। ਕਿਸੇ ਵੀ ਤਰ੍ਹਾਂ ਦੇ ਮਾੜੇ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਅਤੇ ਆਮ ਲੋਕਾਂ ਨੂੰ ਹਰ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਏਲਨਾਬਾਦ ਹਲਕੇ ਦੇ ਪਿੰਡਾਂ ਅੰਮ੍ਰਿਸਰ ਕਲਾਂ ਅਤੇ ਥੋਬਰੀਆ ਨਜ਼ਦੀਕ ਘੱਗਰ ਨਦੀ ਤੇ ਬਣੇ ਹੋਏ ਆਰਜੀ ਪੁਲ ਵੀ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਹੁਣ ਪਾਣੀ ਇਨ੍ਹਾਂ ਪੁਲਾਂ ਦੇ ਉੱਪਰੋਂ ਲੰਘ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇੱਥੇ ਦੋ ਜੇਸੀਬੀ ਮਸ਼ੀਨਾਂ ਦੀ ਵਿਵਸਥਾ ਕਰ ਦਿੱਤੀ ਗਈ ਹੈ ਜੋ ਦਿਨ ਰਾਤ ਬੰਨ੍ਹ ਤੇ ਮਿੱਟੀ ਪਾਉਣ ਦਾ ਕੰਮ ਕਰ ਰਹੀਆਂ ਹਨ।