ਗੜ੍ਹੀ ਵੱਲੋਂ ਐੱਸਸੀ ਪਰਿਵਾਰ ਨਾਲ ਸਬੰਧਤ ਮਸਲਾ 72 ਘੰਟਿਆਂ ’ਚ ਹੱਲ ਕਰਨ ਦੇ ਹੁਕਮ
ਸੀ. ਮਾਰਕੰਡਾ
ਤਪਾ ਮੰਡੀ, 29 ਜੂਨ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਮੈਂਬਰ ਰੁਪਿੰਦਰ ਸ਼ੀਤਲ ਅਤੇ ਮੈਂਬਰ ਗੁਲਜ਼ਾਰ ਸਿੰਘ ਇੱਥੇ ਪ੍ਰੀਤਮ ਸਿੰਘ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਪਹੁੰਚੇ। ਸ੍ਰੀ ਗੜ੍ਹੀ ਨੇ ਕਿਹਾ ਕਿ ਪ੍ਰੀਤਮ ਸਿੰਘ ਦੀ ਸ਼ਿਕਾਇਤ ਹੈ ਕਿ ਨਗਰ ਕੌਂਸਲ ਦੀ ਹਦੂਦ ’ਚ ਇੱਕ ਗੈਰ-ਕਾਨੂੰਨੀ ਕਲੋਨੀ ਕੱਟੀ ਗਈ ਹੈ ਤੇ ਉਸਦੇ ਗੁਆਂਢੀਆਂ ਨੇ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਜਿੱਥੇ ਗਾਲੀ-ਗਲੋਚ ਕੀਤਾ, ਉੱਥੇ ਬੇਰਹਿਮੀ ਨਾਲ ਵੀ ਪੇਸ਼ ਆਏ ਹਨ। ਪ੍ਰੀਤਮ ਸਿੰਘ ਨੇ ਦੱਸਿਆ ਕਿ ਜੋ ਗੈਰ-ਕਾਨੂੰਨੀ ਕਲੋਨੀ ਕੱਟੀ ਗਈ ਹੈ, ਉੱਥੇ ਉਸ ਦੇ ਘਰ ਨੇੜੇ ਉਸ ਦੀ 14 ਸਾਲਾ ਲੜਕੀ ਨੂੰ ਪ੍ਰੇਸ਼ਾਨ ਕਰਨ ਲਈ ਲੋਕਾਂ ਵੱਲੋਂ ਪਿਸ਼ਾਬ ਆਦਿ ਕੀਤਾ ਜਾਂਦਾ ਹੈ। ਸ੍ਰੀ ਗੜ੍ਹੀ ਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਸ਼ਿਕਾਇਤਕਰਤਾ ਦੀਆਂ ਸ਼ਿਕਾਇਤਾਂ ਦਾ 72 ਘੰਟਿਆਂ ਅੰਦਰ ਦੋਵਾਂ ਧਿਰਾਂ ਨੂੰ ਬਿਠਾ ਕੇ ਨਿਪਟਾਰਾ ਕੀਤਾ ਜਾਵੇ। ਜੇ ਦਲਿਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਜਿਹੜੀ ਧਿਰ ਝੂਠੀ ਸਾਬਤ ਹੁੰਦੀ ਹੈ, ਉਸ ਖਿਲਾਫ਼ ਕੇਸ ਦਰਜ ਕਰ ਕੇ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਪੁਲੀਸ ਨੂੰ ਹਦਾਇਤ ਕੀਤੀ ਕਿ ਜੇ ਇਸ ਮਸਲੇ ਦਾ ਨਿਪਟਾਰਾ ਨਾ ਹੋਇਆ ਤਾਂ ਕਥਿਤ ਦੋਸ਼ੀਆਂ ਨੂੰ ਸਕੱਤਰੇਤ ਦਫ਼ਤਰ ਵਿੱਚ ਬੁਲਾ ਕੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਜੀਵਨ ਸਿੰਘ ਵਾਸੀ ਕਰਾੜਵਾਲਾ ਨੇ ਦੋਸ਼ ਲਾਇਆ ਕਿ ਪ੍ਰੀਤਮ ਸਿੰਘ ਨੇ ਜਾਅਲੀ ਰਜਿਸਟਰੀ ਆਪਣੀ ਪਤਨੀ ਦੇ ਨਾਂ ਕਰਵਾ ਲਈ ਹੈ ਜਿਸਦੀ ਵੀ ਜਾਂਚ ਕਰਵਾਈ ਜਾਵੇ।
ਦੂਜੀ ਧਿਰ ਤੋਂ ਸ੍ਰੀ ਸੂਦ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਝੂਠੀ ਦਰਖਾਸਤ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਬੱਚੇ ਬਾਹਰ ਪੜ੍ਹਦੇ ਹਨ ਜਦਕਿ ਉਨ੍ਹਾਂ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਿਸ ਨਾਲ ਇਸ ਪਰਿਵਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਵੀ ਚੈੱਕ ਕੀਤੀਆਂ ਜਾਣ।
ਅਨੂਸੁਚਿਤ ਜਾਤੀਆਂ ਦੇ ਲੋਕਾਂ ਨਾਲ ਧੱਕਾ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ: ਗੜ੍ਹੀ
ਦੋਦਾ/ਗਿੱਦੜਬਾਹਾ (ਜਸਵੀਰ ਸਿੰਘ ਬਰਾੜ/ਦਵਿੰਦਰ ਮੋਹਨ ਬੇਦੀ): ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪਿੰਡ ਦੋਦਾ ਵਿੱਚ ਕਰਵਾਏ ਵਿਸ਼ਾਲ ਚੇਤਨਾ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਲੋਕਾਂ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਸੰਘਰਸ਼ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਕੰਮ-ਕਾਜ, ਭਾਰਤੀ ਸੰਵਿਧਾਨ ਅਤੇ ਦੇਸ਼ ਦੇ ਕਾਨੂੰਨ ਵਿੱਚ ਗਰੀਬਾਂ, ਮਜ਼ਲੂਮਾਂ, ਅਨੁਸੂਚਿਤ ਜਾਤੀਆਂ ਤੇ ਪਿਛੜੀਆਂ ਸ਼੍ਰੇਣੀਆਂ ਦੇ ਹੱਕਾਂ, ਅਧਿਕਾਰਾਂ ਤੇ ਸਮਾਜਿਕ ਸੁਰੱਖਿਆ ਸਬੰਧੀ ਜਾਗਰੂਕ ਕਰਨਾ ਹੈ। ਇਸ ਮੌਕੇ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਦੀ ਸੋਚ ’ਤੇ ਪਹਿਰਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉਹ ਕਮਿਸ਼ਨ ਦੇ ਚੇਅਰਮੈਨ ਵਜੋਂ ਕੰਮ ਕਰ ਰਹੇ ਹਨ, ਓਨਾ ਸਮਾਂ ਪੰਜਾਬ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸੇ ਵੀ ਧੀ-ਭੈਣ ਜਾਂ ਕਿਸੇ ਹੋਰ ਵਿਅਕਤੀ ਨਾਲ ਕਿਸੇ ਵੀ ਕੀਮਤ ’ਤੇ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ, ਏਡੀਸੀ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਐੱਸ.ਡੀ.ਐੱਮ. ਜਸਪਾਲ ਸਿੰਘ ਬਰਾੜ, ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਣ ਸਿੰਘ ਸਮੇਤ ਲੋਕ ਹਾਜ਼ਰ ਸਨ।