ਪਰਾਲੀ ਨਾ ਸਾੜਨ ਦੀ ਦਿੱਤੀ ‘ਮੱਤ’ ਤੇ ਕੂੜਾ ਸਾੜਿਆ
ਇੱਕ ਪਾਸੇ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਭਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਸਲਾਹ ਦਿੱਤੀ ਅਤੇ ਇਸ ਦੇ ਨੁਕਸਾਨਾਂ ਬਾਰੇ ਦੱਸਿਆ। ਐਨ ਉਸੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਰੀਦਕੋਟ-ਕੋਟਕਪੂਰਾ ਸੜਕ ’ਤੇ ਸ਼ੂਗਰ ਮਿੱਲ...
ਇੱਕ ਪਾਸੇ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਭਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਸਲਾਹ ਦਿੱਤੀ ਅਤੇ ਇਸ ਦੇ ਨੁਕਸਾਨਾਂ ਬਾਰੇ ਦੱਸਿਆ। ਐਨ ਉਸੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਰੀਦਕੋਟ-ਕੋਟਕਪੂਰਾ ਸੜਕ ’ਤੇ ਸ਼ੂਗਰ ਮਿੱਲ ਦੇ ਇੱਕ ਹਿੱਸੇ ਵਿੱਚ ਕੂੜਾ ਸੁੱਟਣ ਲਈ ਬਣਾਏ ਗਏ ਗ਼ੈਰਕਾਨੂੰਨੀ ਡੰਪ ਵਿੱਚ ਜਮ੍ਹਾਂ ਹੋਏ ਸੈਂਕੜੇ ਟਨ ਕੂੜੇ ਨੂੰ ਅੱਗ ਲਾ ਦਿੱਤੀ। ਇਹ ਕੂੜਾ ਨਗਰ ਕੌਂਸਲ ਦੇ ਵਾਹਨਾਂ ਵੱਲੋਂ ਸ਼ਹਿਰ ਵਿੱਚ ਇਕੱਠਾ ਕੀਤਾ ਗਿਆ ਸੀ ਜਿਸ ਵਿੱਚ ਪਲਾਸਟਿਕ, ਗਿੱਲੇ ਕੂੜੇ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਪੋਲੀਥੀਨ ਲਿਫਾਫੇ ਅਤੇ ਹੋਰ ਕੂੜਾ ਸੀ। ਦੇਰ ਰਾਤ ਇਸ ਕੂੜੇ ਨੂੰ ਅੱਗ ਲਾਈ ਗਈ ਜੋ ਅੱਜ ਸਵੇਰ ਤੱਕ ਵੀ ਮੱਚ ਰਹੀ ਸੀ। ਇਸ ਦੇ ਧੂੰਏਂ ਕਾਰਨ ਤਿੰਨ ਕਿਲੋਮੀਟਰ ਦੇ ਖੇਤਰ ਵਿੱਚ ਧੂੰਏਂ ਦੀ ਚਾਦਰ ਛਾ ਗਈ ਅਤੇ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜਿੱਥੇ ਨਗਰ ਕੌਂਸਲ ਨੇ ਗ਼ੈਰਕਾਨੂੰਨੀ ਕੂੜੇ ਦਾ ਡੰਪ ਬਣਾਇਆ ਹੈ, ਉਸ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਦੋ ਵੱਡੇ ਨਿੱਜੀ ਸਕੂਲ ਅਤੇ ਦੋ ਵੱਡੇ ਹੋਟਲ ਹਨ ਅਤੇ ਕੂੜੇ ਨੂੰ ਲਾਈ ਅੱਗ ਦਾ ਸੇਕ ਹੋਟਲ ਦੇ ਕਾਰੋਬਾਰ ਅਤੇ ਸਕੂਲੀ ਬੱਚਿਆਂ ਉੱਪਰ ਵੀ ਪਿਆ। ਕੂੜੇ ਦੇ ਗ਼ੈਰਕਾਨੂੰਨੀ ਡੰਪ ਨਾਲ ਹੀ ਇੱਕ ਛੋਟਾ ਜਿਹਾ ਜੰਗਲ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਵਰ ਰਹਿੰਦੇ ਹਨ। ਕੂੜੇ ਦੀ ਅੱਗ ਅਤੇ ਗੰਦੇ ਧੂੰਏ ਨੇ ਹਜ਼ਾਰਾਂ ਪੰਛੀਆਂ ਨੂੰ ਵੀ ਪ੍ਰੇਸ਼ਾਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਸਾਬਤ ਹੁੰਦਾ ਹੈ ਕਿ ਉਹ ਕਿਸਾਨਾਂ ਨੂੰ ਬਦਨਾਮ ਕਰਨ ਲਈ ਪਰਾਲੀ ਦੀ ਅੱਗ ਦਾ ਰੌਲਾ ਪਾ ਰਹੇ ਹਨ ਜਦੋਂ ਕਿ ਖੁਦ ਪ੍ਰਸ਼ਾਸਨ ਵਾਤਾਵਰਨ ਨੂੰ ਪਲੀਤ ਕਰਨ ਵਿੱਚ ਲੱਗਿਆ ਹੋਇਆ ਹੈ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਨੇ ਕਿਹਾ ਕਿ ਕੂੜੇ ਦੇ ਡੰਪ ਨੂੰ ਨਗਰ ਕੌਂਸਲ ਵੱਲੋਂ ਅੱਗ ਨਹੀਂ ਲਾਈ ਗਈ ਬਲਕਿ ਇਹ ਅੱਗ ਅਚਾਨਕ ਲੱਗੀ ਹੋ ਸਕਦੀ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕੂੜੇ ਨੂੰ ਅੱਗ ਲਾਉਣਾ ਗ਼ੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਪਹਿਲਾਂ ਹੀ ਨਗਰ ਕੌਂਸਲ ਨੂੰ ਕੂੜੇ ਦੇ ਸਾਂਭ ਸੰਭਾਲ ਲਈ ਲੋੜੀਂਦੇ ਫੰਡ ਭੇਜ ਰਹੀ ਹੈ। ਇਸ ਦੇ ਬਾਵਜੂਦ ਕੂੜਾ ਸਾੜਿਆ ਗਿਆ ਹੈ। ਉਹ ਇਸ ਮਾਮਲੇ ਦੀ ਪੜਤਾਲ ਕਰਨਗੇ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਕਸੂਰਵਾਰਾਂ ਖਿਲਾਫ ਕਾਰਵਾਈ ਕਰਨ ਲਈ ਲਿਖਣਗੇ।