ਜਾਅਲੀ ਡਿਗਰੀ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼
ਪੁਲੀਸ ਵੱਲੋਂ ਇੱਕ ਮੁਲਜ਼ਮ ਗ੍ਰਿਫ਼ਤਾਰ
ਇਥੋਂ ਦੀ ਪੁਲੀਸ ਨੇ ਜਾਅਲੀ ਡਿਗਰੀ ਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਛਾਣ ਵਿਕਾਸ ਸ਼ਰਮਾ ਵਾਸੀ ਗਾਜ਼ੀਆਬਾਦ ਵਜੋਂ ਹੋਈ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਦਿੱਤਾ ਗਿਆ ਹੈ।
ਰਾਣੀਆਂ ਸਥਿਤ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਬੰਤਾ ਸਿੰਘ ਭੋਲਾ ਨੇ 12 ਦਸੰਬਰ 2024 ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਕਾਲਜ ’ਚ ਕੁਝ ਵਿਦਿਆਰਥੀ ਦਾਖ਼ਲਾ ਲੈਣ ਲਈ ਆਏ ਹਨ, ਜਿਨ੍ਹਾਂ ਦੀਆਂ ਡਿਗਰੀਆਂ ਜਾਅਲੀ ਹੋਣ ਦਾ ਸ਼ੱਕ ਹੈ। ਪੁਲੀਸ ਨੇ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਜਾਅਲੀ ਡਿਗਰੀਆਂ ਵਿਦਿਆਰਥੀਆਂ ਨੂੰ 30-30 ਹਜ਼ਾਰ ’ਚ ਵੇਚੇ ਜਾਣ ਦਾ ਪਰਦਾਫਾਸ਼ ਹੋਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਗਰੋਹ ਵੱਲੋਂ ਸ੍ਰੀ ਸਾਈਂ ਇੰਸਟੀਚਿਊਟ, ਦੁਆਰਕਾਪੁਰੀ ਚਲਾਇਆ ਜਾ ਰਿਹਾ ਸੀ ਜਿਥੇ ਕਥਿਤ ਤੌਰ ’ਤੇ ਵਿਦਿਆਰਥੀਆਂ ਨੂੰ ਜਾਅਲੀ ਡਿਗਰੀ ਤੇ ਸਰਟੀਫਿਕੇਟ ਵੇਚੀ ਜਾਂਦੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਮੁਲਜ਼ਮ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਰਿਮਾਂਡ ਦੌਰਾਨ ਇਸ ਮਾਮਲੇ ਬਾਰੇ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ।