ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੁਲਾਈ
ਥਾਣਾ ਬਾਘਾਪੁਰਾਣਾ ਪੁਲੀਸ ਨੇ ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਹਾਕਮ ਧਿਰ ਦੀ ਇੱਕ ਮਹਿਲਾ ਸਰਪੰਚ ਦੇ ਪਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ਹੇਠ ਸਾਬਕਾ ਸਰਪੰਚ ਤੇ ਦੋ ਔਰਤਾਂ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਇੱਕ ਹੋਰ ਔਰਤ ਦੀ ਪੁਲੀਸ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਡੀਐੱਸਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਅਤੇ ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਜਗਸੀਰ ਸਿੰਘ ਪਿੰਡ ਗੁਰੂ ਸਰ ਮਾੜੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਉਹ ਖੇਤੀ ਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੀ ਘਰ ਵਾਲੀ ਹਰਬੰਸ ਕੌਰ ਪਿੰਡ ਦੀ ਮੌਜੂਦਾ ਸਰਪੰਚ ਹੈ। 4 ਜੁਲਾਈ ਨੂੰ ਦੁਪਹਿਰ ਨੂੰ ਇੱਕ ਔਰਤ ਨੇ ਫੋਨ ਕੀਤਾ ਜੋ ਆਪਣਾ ਨਾਮ ਪ੍ਰੀਤ ਦੱਸ ਰਹੀ ਸੀ ਜਿਸ ਨੇ ਕਿਹਾ ਕਿ ਉਨ੍ਹਾਂ ਦੇ ਲੜਾਈ ਝਗੜਾ ਦਾ ਕੇਸ ਥਾਣਾ ਬਾਘਾ ਪੁਰਾਣਾ ਚਲਦਾ ਹੈ, ਕੇਸ ਦਾ ਰਾਜ਼ੀਨਾਮਾ ਕਰਵਾ ਦਿਉ ਅਤੇ ਮੋਗਾ-ਬਾਘਾਪੁਰਾਣਾ ਕੌਮੀ ਮਾਰਗ ਸਥਿਤ ਪਿੰਡ ਗਿੱਲ ਦੀ ਨਹਿਰ ਉੱਤੇ ਮਿਲਣ ਲਈ ਕਿਹਾ। ਜਦੋਂ ਉਹ ਉਥੇ ਪੁੱਜਿਆ ਤਾਂ ਉਸ ਨੂੰ ਕਈ ਜਣਿਆਂ ਨੇ ਜ਼ਬਰਦਸਤੀ ਗੱਡੀ ਵਿੱਚ ਸੁੱਟ ਲਿਆ ਤੇ ਇਕ ਕਮਰੇ ਵਿੱਚ ਲਿਜਾ ਦੇ ਕੁੱਟਮਾਰ ਕਰਨੀ ਸ਼ੁਰੂ ਦਿੱਤੀ ਅਤੇ ਇਕ ਔਰਤ ਨਾਲ ਵੀਡੀਓ ਬਣਾ ਲਈ ਅਤੇ 10 ਲੱਖ ਰੁਪਏ ਦੀ ਮੰਗ ਕੀਤੀ। ਉਸ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਗਰੋਹ ਨੇ ਸਾਜਿਸ਼ ਤਹਿਤ ਉਨ੍ਹਾਂ ਦੇ ਹੀ ਪਿੰਡ ਦੇ ਸਾਬਕਾ ਸਰਪੰਚ ਮੇਜਰ ਸਿੰਘ ਨੂੰ ਬੁਲਾ ਲਿਆ ਜੋ ਕੁਝ ਦੇਰ ਬਾਅਦ ਉਥੇ ਪਹੁੰਚ ਗਿਆ ਅਤੇ 4 ਲੱਖ ਰੁਪਏ ਵਿੱਚ ਸੌਦਾ ਕਰਵਾ ਦਿੱਤਾ। ਗਰੋਹ ਨੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਹੀ ਦਿੱਤੇ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਪੁਲੀਸ ਨੇ ਇਸ ਮਾਮਲੇ ਵਿਚ ਸਾਬਕਾ ਸਰਪੰਚ ਮੇਜਰ ਸਿੰਘ, ਜਸਪ੍ਰੀਤ ਸਿੰਘ ਉਰਫ ਗੋਭੀ ਵਾਸੀ ਈਨਾ ਖੇੜਾ ਜ਼ਿਲ੍ਹਾ ਮੁਕਤਸਰ, ਜੋਹਨ ਉਰਫ ਲਾਡੀ ਅਤੇ ਵਿਜੈ ਦੋਵੇਂ ਵਾਸੀ ਫਿਰੋਜ਼ਪੁਰ ਕੈਟ ਦੋ ਔਰਤਾਂ ਰਾਜ ਰਾਣੀ ਅਤੇ ਮਮਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਮਤਾ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਹਨੂਮਾਨਗੜ੍ਹ (ਰਾਜਸਥਾਨ) ਵਿਚ ਧੋਖਾਧੜੀ ਦਾ ਕੇਸ ਦਰਜ ਹੈ। ਇੱਕ ਪ੍ਰੀਤ ਨਾਮ ਦੀ ਔਰਤ ਅਤੇ ਦੋ ਅਣਪਛਾਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।