ਮਿਹਨਤ ਦਾ ਫ਼ਲ: ਪਿੰਡ ਦੀਵਾਨਾ ਦੇ ਖੇਡ ਮੈਦਾਨ ’ਚ ਸਰਕਾਰੀ ਕੋਚ ਤਾਇਨਾਤ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 27 ਜੂਨ
ਪਿੰਡ ਦੀਵਾਨਾ ਵਾਸੀਆਂ ਦੇ ਲੰਬੇ ਸਮੇਂ ਤੋਂ ਖੇਡਾਂ ਲਈ ਕੀਤੇ ਜਾ ਰਹੇ ਉਪਰਾਲੇ ਸਫ਼ਲ ਹੋ ਰਹੇ ਹਨ ਜਿਸ ਸਦਕਾ ਹੁਣ ਪਿੰਡ ਦੇ ਖੇਡ ਮੈਦਾਨ ਨੂੰ ਲੰਬੀ ਘਾਲਣਾ ਤੋਂ ਬਾਅਦ ਸਰਕਾਰੀ ਖੇਡ ਨਰਸਰੀ ਤਹਿਤ ਇੱਕ ਸਰਕਾਰੀ ਕੋਚ ਦੀ ਸਹੂਲਤ ਮਿਲੀ ਹੈ। ਹਰਿਆਣਾ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਨੇ ਬਤੌਰ ਖੇਡ ਕੋਚ ਦੀਵਾਨਾ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਉਹ ਪਿਛਲੇ 7 ਸਾਲ ਤੋਂ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਮਸਤੂਆਣਾ ਸੈਂਟਰ ਵਿੱਚ ਪੜ੍ਹਾਈ ਅਤੇ ਟ੍ਰੇਨਿੰਗ ਕਰ ਰਹੇ ਸਨ। ਉਨ੍ਹਾਂ ਮਸ਼ਹੂਰ ਅਥਲੈਟਿਕ ਕੋਚ ਗੁਰਦਿੱਤ ਸਿੰਘ ਚਹਿਲ ਕੋਲੋਂ ਖੇਡਾਂ ਦੇ ਗੁਰ ਸਿੱਖੇ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਹਾਸਲ ਕੀਤੀਆਂ।
ਕੋਚ ਮਿਲਣ ਦਾ ਪ੍ਰਾਪਤੀ ’ਤੇ ਪਿੰਡ ਵਾਸੀਆਂ ਵਲੋਂ ਖੁਸ਼ੀ ਜ਼ਾਹਰ ਕੀਤੀ ਗਈ ਅਤੇ ਨਵੇਂ ਆਏ ਕੋਚ ਦਾ ਹਾਰ ਅਤੇ ਸਿਰੋਪਾਓ ਪਾ ਕੇ ਖੇਡ ਮੈਦਾਨ ਵਿੱਚ ਸਵਾਗਤ ਕੀਤਾ ਗਿਆ। ਸਰਪੰਚ ਰਣਧੀਰ ਸਿੰਘ ਅਤੇ ਖੇਡ ਮੈਦਾਨ ਕਮੇਟੀ ਦੇ ਆਗੂ ਵਰਿੰਦਰ ਦੀਵਾਨਾ ਨੇ ਸੂਬਾ ਸਰਕਾਰ ਦਾ ਖਿਡਾਰੀਆਂ ਲਈ ਸਰਕਾਰੀ ਕੋਚ ਮੁਹੱਈਆ ਕਰਵਾਉਣ ’ਤੇ ਧੰਨਵਾਦ ਕੀਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੀਵਾਨਾ ਵਿੱਚ ਕੋਚ ਦੇ ਨਾਲ-ਨਾਲ ਪੂਰੀ ਖੇਡ ਨਰਸਰੀ ਦਿੱਤੀ ਜਾਵੇ, ਜਿਸ ਵਿੱਚ ਖਿਡਾਰੀਆਂ ਲਈ ਖੇਡ ਉਪਕਰਣ ਅਤੇ ਖ਼ੁਰਾਕ ਦਾ ਪ੍ਰਬੰਧ ਵੀ ਹੋਵੇ। ਇਸ ਮੌਕੇ ਅਥਲੈਟਿਕ ਕੋਚ ਬਲਕਾਰ ਸਿੰਘ, ਪੰਚ ਜਗਰਾਜ ਸਿੰਘ, ਹਰਵਿੰਦਰ ਦੀਵਾਨਾ, ਰੂਪ ਸਿੰਘ, ਪਰਸ਼ੋਤਮ ਸਿੰਘ, ਕਬੱਡੀ ਕੋਚ ਜਸਵੰਤ ਸਿੰਘ, ਜਗਰਾਜ ਸਿੰਘ ਛੀਨੀਵਾਲ ਖ਼ੁਰਦ, ਅਵਤਾਰ ਸਿੰਘ ਸੋਹੀਵਾਲ, ਪਰਦੀਪ ਦੀਵਾਨਾ, ਹਰਦੀਪ ਢਿੱਲੋਂ, ਹਾਕਮ ਸਿੰਘ, ਬੂਟਾ ਸਿੰਘ, ਨਛੱਤਰ ਸਿੰਘ, ਸੁਖਵਿੰਦਰ ਸਿੰਘ, ਭਜਨ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।