ਨਾਮਧਾਰੀ ਸੰਪਰਦਾ ਦੇ ਮੁਖੀ ਦੇ ਜਨਮ ਦਿਨ ਮੌਕੇ ਮੁਫ਼ਤ ਪੌਦੇ ਵੰਡੇ
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਦੇ ਜਨਮ ਦਿਨ ਮੌਕੇ ਅੱਜ ਨਾਮਧਾਰੀ ਪੈਟਰੋਲ ਪੰਪ ਜੀਵਨ ਨਗਰ ਵਿੱਚ ਸਰਦਾਰ ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਜੀਵਨ ਨਗਰ ਵੱਲੋਂ ਮੁਫ਼ਤ ਪੌਦੇ ਵੰਡੇ ਗਏ। ਪ੍ਰੋਗਰਾਮ ਵਿੱਚ ਏਲਨਾਬਾਦ ਦੇ ਐੱਸਡੀਐੱਮ ਪਾਰਸ ਭਗੌਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ ਨੇ ਕਿਹਾ ਕਿ ਮਰਹੂਮ ਸਰਦਾਰ ਸੁਖਦੇਵ ਸਿੰਘ ਸੰਧੂ ਇਸ ਪੂਰੇ ਇਲਾਕੇ ਵਿੱਚ ਇੱਕ ਸਮਾਜਸੇਵੀ ਵਜੋਂ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਰਾਜਿੰਦਰ ਸਿੰਘ ਸੰਧੂ ਵੱਲੋਂ ਸਰਦਾਰ ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਦਾ ਗਠਨ ਕੀਤਾ ਗਿਆ ਹੈ ਜੋ ਇਸ ਇਲਾਕੇ ਵਿੱਚ ਸਮਾਜ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਹਰ ਸਾਲ ਮੁਫ਼ਤ ਬੂਟੇ ਵੰਡਣ ਦਾ ਪ੍ਰੋਗਰਾਮ ਕਰਨ ਦੇ ਨਾਲ-ਨਾਲ ਮੈਡੀਕਲ ਕੈਂਪ ਲਾ ਕੇ, ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮੱਦਦ ਕਰ ਕੇ ਅਤੇ ਹੋਰ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾ ਰਿਹਾ ਹੈ। ਸਰਦਾਰ ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਰਾਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਜਿਕ ਕਾਰਜ ਕਰਨ ਦੀ ਪ੍ਰੇਰਨਾ ਆਪਣੇ ਪਿਤਾ ਸਰਦਾਰ ਸੁਖਦੇਵ ਸਿੰਘ ਸੰਧੂ ਤੋਂ ਮਿਲੀ। ਉਨ੍ਹਾਂ ਕਿਹਾ ਕਿ ਇਸ ਵਾਰ ਚੌਥਾ ਮੁਫ਼ਤ ਪੌਦੇ ਵੰਡਣ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਲਗਪਗ 3500 ਛਾਂਦਾਰ, ਫਲਦਾਰ ਅਤੇ ਔਸ਼ਧੀ ਪੌਦੇ ਵੰਡੇ ਗਏ ਹਨ। ਇਸ ਮੌਕੇ ਸਰਦਾਰ ਗੁਰਦੇਵ ਸਿੰਘ ਨੰਬਰਦਾਰ, ਮਲਕੀਤ ਸਿੰਘ ਖੋਸਾ, ਰਾਜਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਵੜੈਚ, ਪ੍ਰਗਟ ਵਿਰਕ, ਦੀਦਾਰ ਸਿੰਘ ਉਲੰਪੀਅਨ, ਦਵਿੰਦਰ ਬਾਜਵਾ, ਨਿਰਵੈਰ ਸਿੰਘ ਭਿੰਡਰ, ਧਿਆਨ ਸਿੰਘ ਭਿੰਡਰ, ਹਰਜਿੰਦਰ ਸਿੰਘ ਭੰਗੂ, ਸਾਬਕਾ ਸਰਪੰਚ ਕਰਮ ਸਿੰਘ, ਸਰਪੰਚ ਗੁਰਦੀਪ ਸਿੰਘ, ਰਾਮ ਕੁਮਾਰ, ਨਛੱਤਰ ਸਿੰਘ ਸਹਿਤ ਇਲਾਕੇ ਦੇ ਪਤਵੰਤੇ ਲੋਕ ਹਾਜ਼ਰ ਸਨ।