ਖਿਆਲਾ ਕਲਾਂ ’ਚ ਚਾਰ ਵਾਹਨਾਂ ਦੀ ਟੱਕਰ, ਅੱਠ ਜ਼ਖ਼ਮੀ
ਪਿੰਡ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੇੜੇ ਲਗਾਤਾਰ ਖੜ੍ਹਦੇ ਸੀਵਰੇਜ ਦੇ ਪਾਣੀ ਕਾਰਨ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕੋ ਵੇਲੇ ਚਾਰ ਗੱਡੀਆਂ ਦੀ ਆਪਸੀ ਟੱਕਰ ਹੋ ਗਈ, ਜਿਸ ਵਿੱਚ 8 ਤੋਂ ਵੱਧ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀਆਂ ਵਿਚ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਨੇ ਹਾਦਸੇ ਦੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿਚ ਪਹੁੰਚਾਇਆ ਹੈ, ਜਿਨ੍ਹਾਂ ਵਿਚੋਂ ਦੋ ਨੂੰ ਬਾਹਰਲੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮਾਨਸਾ-ਪਟਿਆਲਾ ਮੁੱਖ ਮਾਰਗ ’ਤੇ ਅੱਜ ਸ਼ਾਮ ਨੂੰ ਭੀਖੀ ਵੱਲ ਜਾ ਰਹੇ ਟਰੱਕ ਦਾ ਚਾਲਕ ਸ਼ੁਭਕਰਨ ਸਿੰਘ, ਜਦੋਂ ਸੜਕ ’ਤੇ ਖੜ੍ਹੇ ਸੀਵਰੇਜ ਦੇ ਪਾਣੀ ਤੋਂ ਸਾਈਡ ਕਰਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਬਲੈਰੋ ਕੈਂਪਰ ਨਾਲ ਟਕਰਾ ਗਿਆ। ਬਲੈਰੋ ਕੈਂਪਰ ਟਕਰਾਉਣ ਕਾਰਨ ਟਰੱਕ ਦਾ ਮੂੰਹ ਦੂਜੇ ਪਾਸੇ ਕਰ ਦਿੱਤਾ। ਇਸ ਦੌਰਾਨ ਬਲੈਰੋ ਕੈਂਪਰ ਪਲਟ ਗਈ, ਜਿਸ ਵਿੱਚ ਸਵਾਰ ਅਵਤਾਰ ਸਿੰਘ ਅਤੇ ਹਰਚੰਦ ਸਿੰਘ ਪਿੰਡ ਗਦਰਿਆਣਾ (ਹਰਿਆਣਾ) ਨੂੰ ਗੰਭੀਰ ਸੱਟਾਂ ਲੱਗੀਆਂ। ਬਲੈਰੋ ਵਿੱਚ ਸਵਾਰ ਤਿੰਨ ਵਿਅਕਤੀਆਂ ਅਤੇ ਪਿੱਛੇ ਲੱਦੀਆਂ ਦੋ ਘੋੜੀਆਂ ਨੂੰ ਮੌਕੇ ’ਤੇ ਹਾਜ਼ਰ ਨੇ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ।
ਇਸੇ ਦੌਰਾਨ ਭੀਖੀ ਵਾਲੇ ਪਾਸਿਓਂ ਆ ਰਹੀਆਂ ਦੋ ਕਾਰਾਂ ਟਰੱਕ ਅਤੇ ਪਲਟੀ ਹੋਈ ਬਲੈਰੋ ਕੈਂਪਰ ਵਿੱਚ ਜਾ ਵੱਜੀਆਂ। ਇੱਕ ਮਰੂਤੀ ਕਾਰ, ਜਿਸ ਵਿੱਚ ਪੰਜ ਲੋਕ ਸਵਾਰ ਸਨ, ਹਸਪਤਾਲ ਦੀ ਕੰਧ ਨਾਲ ਜਾ ਵੱਜੀ, ਜਿਸ ਦੌਰਾਨ ਕਾਰ ਸਵਾਰਾਂ ਨੂੰ ਵੀ ਸੱਟਾਂ ਲੱਗੀਆਂ। ਦੁਰਘਟਨਾ ਦਾ ਪਤਾ ਲੱਗਦਿਆਂ ਮਾਨਸਾ ਕੈਂਚੀਆਂ ’ਤੇ ਖੜ੍ਹੀ ਪੁਲੀਸ ਪਾਰਟੀ ਤੁਰੰਤ ਘਟਨਾ ਸਥਾਨ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ।
ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਹਸਪਤਾਲ ਨਜਦੀਕ ਪਿੰਡ ਖਿਆਲਾ ਕਲਾਂ ਦੀ ਸੀਵਰੇਜ ਦਾ ਪਾਣੀ ਮੁੱਖ ਸੜਕ ਵਿਚਕਾਰ ਅਕਸਰ ਵਗਦਾ ਰਹਿੰਦਾ ਹੈ। ਸੜਕ ’ਤੇ ਪਾਣੀ ਹੋਣ ਕਾਰਨ ਪੈਦਲ ਅਤੇ ਮੋਟਰਸਾਈਕਲ ਚਾਲਕ ਸੜਕ ਦੇ ਵਿਚਕਾਰ ਤੁਰਦੇ ਹਨ। ਤੇਜ਼ ਰਫ਼ਤਾਰ ਗੱਡੀਆਂ ਰਾਹਗੀਰਾਂ ਨੂੰ ਬਚਾਉਣ ਲਈ ਸੜਕ ਦੇ ਦੂਸਰੇ ਪਾਸੇ ਤੁਰਦੀਆਂ ਹਨ ਅਤੇ ਹਾਦਸੇ ਹੁੰਦੇ ਹਨ। ਅੱਜ ਵਾਲਾ ਹਾਦਸਾ ਵੀ ਮੋਟਰਸਾਈਕਲ ਸਵਾਰ ਨੂੰ ਬਚਾਉਣ ਕਰਕੇ ਹੀ ਵਾਪਰਿਆ।
ਪਿੰਡ ਖਿਆਲਾ ਕਲਾਂ ਅਤੇ ਮਲਕਪੁਰ ਦੇ ਲੋਕਾਂ ਨੇ ਦੱਸਿਆ ਉਹ ਖਿਆਲਾ ਕਲਾਂ ਦੇ ਪ੍ਰਬੰਧਕਾਂ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਪਾਣੀ ਦਾ ਕੋਈ ਹੱਲ ਕਰੋ, ਪਰ ਕੋਈ ਮਸਲੇ ਦਾ ਹੱਲ ਨਹੀਂ ਹੋਇਆ। ਲੋਕਾਂ ਦੱਸਿਆ ਇਸ ਰਸਤੇ ਦੋ ਸਕੂਲਾਂ ਦੇ ਵਿਦਿਆਰਥੀ ਵੀ ਪੈਦਲ ਲੰਘਦੇ ਹਨ ਅਤੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।ਪਿੰਡਾਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਨਿੱਤ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਸੀਵਰੇਜ ਦੇ ਪਾਣੀ ਦਾ ਹੱਲ ਕਰਵਾਇਆ ਜਾਵੇ।