ਸੀਆਈਏ ਬਠਿੰਡਾ-2 ਦੀ ਪੁਲੀਸ ਨੇ ਕਥਿਤ 4 ਮੁਲਜ਼ਮਾਂ ਨੂੰ 2 ਕੁਇੰਟਲ ਭੁੱਕੀ ਅਤੇ ਇੱਕ ਕਾਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ’ਚ ਥਾਣਾ ਕੈਂਟ ਬਠਿੰਡਾ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐੱਸਪੀ (ਜਾਂਚ) ਜਸਮੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਦੀ ਟੀਮ ਨੇ ਬੁੱਧਵਾਰ ਨੂੰ ਭੁੱਚੋ ਸਥਿਤ ਲਵੇਰੀਸਰ ਰੋਡ (ਸਾਹਮਣੇ ਰੂੰਮੀ ਵਾਲਾ) ’ਤੇ ਤਲਾਸ਼ੀ ਪ੍ਰਕਿਰਿਆ ਦੌਰਾਨ ਇੱਕ ਕਾਰ ਵਿੱਚੋਂ 8 ਗੱਟੇ ਭੁੱਕੀ ਦੇ ਬਰਾਮਦ ਕੀਤੇ। ਬਰਾਮਦਗੀ ਵਕਤ ਚਾਰ ਆਦਮੀ ਕਾਰ ਵਿੱਚ ਸਵਾਰ ਸਨ, ਜਿਨ੍ਹਾਂ ਦੀ ਪਛਾਣ ਮਨੋਹਰਪੁਰ ਜ਼ਿਲ੍ਹਾ ਜੀਂਦ ਹਰਿਆਣਾ ਦੇ ਰਹਿਣ ਵਾਲੇ ਜਤਿੰਦਰ ਕੁਮਾਰ, ਮਿਸਰ ਵਾਲਾ ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ਼) ਦੇ ਰਾਮਜਾਨ ਸ਼ਾਹ, ਭੈਣੀ ਹਮੀਰਪੁਰ ਜ਼ਿਲ੍ਹਾ ਹਿਸਾਰ (ਹਰਿਆਣਾ) ਦੇ ਵਿਨੋਦ ਅਤੇ ਬੜੌਦੀ ਜ਼ਿਲ੍ਹਾ ਜੀਂਦ (ਹਰਿਆਣਾ) ਦੇ ਜੋਗਿੰਦਰ ਸਿੰਘ ਵਜੋਂ ਹੋਈ ਹੈ। ਐੱਸਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਭੁੱਕੀ ਰਾਜਸਥਾਨ ਤੋਂ ਖ਼ਰੀਦ ਕੇ ਲਿਆਂਦੀ ਗਈ ਸੀ ਅਤੇ ਇਸ ਦੀ ਵਿਕਰੀ ਬਠਿੰਡਾ ਸਮੇਤ ਆਂਢ-ਗੁਆਂਢ ਦੇ ਜ਼ਿਲ੍ਹਿਆਂ ਵਿੱਚ ਕੀਤੀ ਜਾਣੀ ਸੀ।