DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਦਾ ਬੱਸ ਅੱਡਾ ਸ਼ਹਿਰ ’ਚੋਂ ਬਾਹਰ ਲਿਜਾਣ ਖ਼ਿਲਾਫ਼ ਸਿਆਸੀ ਮੋਰਚਾਬੰਦੀ

ਸੰਘਰਸ਼ ਕਮੇਟੀ ਵੱਲੋਂ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ; ਕਮੇਟੀ ਨੇ 15 ਦੇ ਐਕਸ਼ਨ ਤੋਂ ਪੈਰ ਪਿਛਾਂਹ ਖਿੱਚੇ
  • fb
  • twitter
  • whatsapp
  • whatsapp
featured-img featured-img
ਬਠਿੰਡਾ ’ਚ ਵਿਧਾਇਕਾਂ ਦਾ ਸਹਿਮਤੀ ਪੱਤਰ ਦਿਖਾਉਂਦੇ ਹੋਏ ਬਲਤੇਜ ਵਾਂਦਰ ਤੇ ਹੋਰ।
Advertisement

ਬਠਿੰਡਾ ਦੇ ਮੌਜੂਦਾ ਬੱਸ ਅੱਡੇ ਦੀ ਵਕਾਲਤ ਅਤੇ ਤਜੀਵਜ਼ਤ ਨਵੇਂ ਅੱਡੇ ਦੀ ਮੁਖ਼ਾਲਫ਼ਿਤ ਲਈ ਸਾਢੇ ਤਿੰਨ ਮਹੀਨਿਆਂ ਤੋਂ ਸੰਘਰਸ਼ੀ ਪਿੜ ਵਿੱਚ ਨਿੱਤਰੀ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਜ਼ਿਲ੍ਹਾ ਬਠਿੰਡਾ ਦੇ ਚਾਰ ਵਿਧਾਇਕਾਂ ਅਤੇ ਇਕ ਹਲਕਾ ਇੰਚਾਰਜ ਦਾ ਸਮਰਥਨ ਹਾਸਲ ਹੋਣ ਬਾਰੇ ਅੱਜ ਵੱਡਾ ਦਾਅਵਾ ਕੀਤਾ।

ਉਨ੍ਹਾਂ ਆਖਿਆ ਕਿ ‘ਸਾਡੀ ਲੜਾਈ ਨੂੰ ਜਨ ਸਮਰਥਨ ਦੇ ਨਾਲ-ਨਾਲ ਸਰਕਾਰ ਦੇ ਨੁਮਾਇੰਦਿਆਂ ਦਾ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਸੰਘਰਸ਼ ਹੋਰ ਮਜ਼ਬੂਤ ਹੋ ਰਿਹਾ ਹੈ।’ ਉਨ੍ਹਾਂ ਦੱਸਿਆ ਕਿ ਸੰਘਰਸ਼ ਦੇ 109ਵੇਂ ਦਿਨ ਬਠਿੰਡਾ ਦੇ ਆਸ-ਪਾਸ ਦੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ (ਤਲਵੰਡੀ ਸਾਬੋ), ਬਲਕਾਰ ਸਿੱਧੂ (ਰਾਮਪੁਰਾ ਫੂਲ), ਮਾਸਟਰ ਜਗਸੀਰ ਸਿੰਘ (ਭੁੱਚੋ ਮੰਡੀ), ਸੁਖਵੀਰ ਸਿੰਘ (ਮਾਈਸਰਖਾਨਾ) ਸਮੇਤ ਬਠਿੰਡਾ (ਦਿਹਾਤੀ) ਹਲਕੇ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਕਥਿਤ ਇੱਕ ਸਾਂਝੇ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਬੱਸ ਸਟੈਂਡ ਨਾ ਬਦਲਣ ਦੀ ਅਪੀਲ ਕਰਦਿਆਂ ਮੌਜੂਦਾ ਬੱਸ ਅੱਡੇ ਦੇ ਨੇੜੇ ਸਾਰੀਆਂ ਸੁਵਿਧਾਵਾਂ ਹੋਣ ਦੀ ਗੱਲ ਕਹਿ ਕੇ ਇਸ ਨੂੰ ਜਿਉਂ ਦਾ ਤਿਉਂ ਰੱਖੇ ਜਾਣ ਦੀ ਅਪੀਲ ਕੀਤੀ ਹੈ।

Advertisement

ਸ੍ਰੀ ਵਾਂਦਰ ਨੇ ਇਨ੍ਹਾਂ ਸਾਰੇ ਆਗੂਆਂ ਵੱਲੋਂ ਸਾਥ ਦੇਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕਾਂ ਨੇ ਲੋਕਾਂ ਦੇ ਮਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਲੰਮੇ ਸੰਘਰਸ਼ ਦੌਰਾਨ ਅਨੇਕਾਂ ਪਿੰਡਾਂ ਦੀਆਂ ਪੰਚਾਇਤਾਂ, ਵਪਾਰਿਕ ਸੰਸਥਾਵਾਂ, ਕਿਸਾਨ, ਵਿਦਿਆਰਥੀ ਜਥੇਬੰਦੀਆਂ ਸਮੇਤ ਹੋਰਨਾਂ ਸੰਸਥਾਵਾਂ ਨੇ ਬਸ ਅੱਡਾ ਬਦਲਣ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੱਸ ਅੱਡੇ ਨੂੰ ਤਬਦੀਲ ਕਰਨ ਬਾਰੇ ਮੁੜ ਵਿਚਾਰ ਕਰਨਾ ਪਵੇਗਾ। ਉਨ੍ਹਾਂ ਸੰਘਰਸ਼ ਕਮੇਟੀ ਵੱਲੋਂ ਲਏ ਤਾਜ਼ਾ ਫੈਸਲੇ ਦਾ ਖੁਲਾਸਾ ਕਰਦਿਆਂ ਕਿਹਾ ਕਿ 15 ਅਗਸਤ ਨੂੰ ਤਿੱਖਾ ਸੰਘਰਸ਼ ਕਰਨ ਤੋਂ ਗੁਰੇਜ਼ ਕੀਤਾ ਜਾਵੇਗਾ ਅਤੇ ਸਰਕਾਰ ਤੱਕ ਮੁੜ ਗੱਲ ਪਹੁੰਚਾਉਣ ਲਈ ਨੀਤੀ ਬਣਾਈ ਜਾਵੇਗੀ।

ਹਰਸਿਮਰਤ ਬਾਦਲ ਵੱਲੋਂ ਬੱਸ ਅੱਡਾ ਬਦਲਣ ਦਾ ਵਿਰੋਧ

ਬੱਸ ਅੱਡੇ ਲਈ ਚੱਲ ਰਹੇ ਸੰਘਰਸ਼ ਵਿੱਚ ਚਾਰ ਵਿਧਾਇਕਾਂ, ਹਲਕਾ ਇੰਚਾਰਜਾਂ ਤੋਂ ਬਾਅਦ ਲੋਕ ਸਭਾ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ ਬਦਲਣ ਦੀ ਯੋਜਨਾ ਦਾ ਕਰੜਾ ਵਿਰੋਧ ਕਰਦਿਆਂ, ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਵਿਸਥਾਰਿਤ ਪੱਤਰ ਭੇਜਿਆ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਮੌਜੂਦਾ ਬੱਸ ਅੱਡਾ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ, ਜਿਸ ਨਾਲ ਜ਼ਿਲ੍ਹਾ ਅਦਾਲਤ, ਮਿਨੀ ਸਕੱਤਰੇਤ, ਸਰਕਾਰੀ ਹਸਪਤਾਲ, ਕਾਲਜ ਅਤੇ ਰੇਲਵੇ ਸਟੇਸ਼ਨ ਤੱਕ ਲੋਕਾਂ ਦੀ ਪਹੁੰਚ ਆਸਾਨ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡੇ ਨੂੰ ਮਲੋਟ ਰੋਡ ’ਤੇ ਸ਼ਿਫਟ ਕਰਨ ਦਾ ਫ਼ੈਸਲਾ ਆਮ ਜਨਤਾ ਲਈ ਗੰਭੀਰ ਪ੍ਰੇਸ਼ਾਨੀਆਂ ਪੈਦਾ ਕਰੇਗਾ। ਇਸ ਕਦਮ ਨਾਲ ਨਾ ਸਿਰਫ ਲੋਕਾਂ ਨੂੰ ਬੱਸ ਅੱਡੇ ਤੱਕ ਪਹੁੰਚਣ ਲਈ ਵੱਧ ਦੂਰੀ ਤੈਅ ਕਰਨੀ ਪਵੇਗੀ, ਬਲਕਿ ਸਮਾਂ ਅਤੇ ਖ਼ਰਚ ਦੋਹਾਂ ਦੀ ਬਰਬਾਦੀ ਹੋਵੇਗੀ ਅਤੇ ਨਾਲ ਹੀ ਸ਼ਹਿਰ ਵਿੱਚ ਟ੍ਰੈਫ਼ਿਕ ਜਾਮ ਦੀ ਸਮੱਸਿਆ ਵੀ ਵਧੇਗੀ

Advertisement
×