ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 29 ਜੂਨ
ਸੀਆਈਏ ਸਟਾਫ਼ ਪੁਲੀਸ ਕਾਲਾਂਵਾਲੀ ਅਤੇ ਸਾਈਬਰ ਸੈੱਲ ਦੀ ਟੀਮ ਨੇ ਅੰਤਰਰਾਜੀ ਚੋਰਾਂ ਦੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੱਖਣ ਸਿੰਘ, ਰਾਮਕ੍ਰਿਸ਼ਨ, ਸੋਨੂੰ ਕੁਮਾਰ ਅਤੇ ਸੁਨੀਲ ਕੁਮਾਰ ਵਜੋਂ ਹੋਈ ਹੈ। ਸੀਆਈਏ ਸਟਾਫ ਕਾਲਾਂਵਾਲੀ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ 10 ਜੂਨ ਨੂੰ ਨਰੇਸ਼ ਕੁਮਾਰ ਵਾਸੀ ਮਾਡਲ ਟਾਊਨ ਕਾਲਾਂਵਾਲੀ ਦੀ ਸ਼ਿਕਾਇਤ ’ਤੇ 6/7 ਜੂਨ ਦੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਕਾਲਾਂਵਾਲੀ ਤੋਂ ਤਾਰੂਆਣਾ ਰੋਡ ’ਤੇ ਸਥਿਤ ਉਸ ਦੇ ਸਟਾਰ ਵਰਧਕ ਐਗਰੀ ਸੀਡਜ਼ ਤੋਂ 60 ਬੋਰੀਆਂ ਕਣਕ ਚੋਰੀ ਕਰਨ ਦਾ ਕੇਸ ਥਾਣਾ ਕਾਲਾਂਵਾਲੀ ਵਿੱਚ ਦਰਜ ਕੀਤਾ ਗਿਆ ਸੀ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਉਨ੍ਹਾਂ ਦੀ ਟੀਮ ਨੇ ਪਹਿਲਾਂ ਹੀ ਗਰੋਹ ਵਿੱਚ ਸ਼ਾਮਲ ਮੁਲਜ਼ਮ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਬਾਅਦ ਦੀ ਕਾਰਵਾਈ ਵਿੱਚ ਜਾਂਚ ਦੌਰਾਨ ਸੀਆਈਏ ਸਟਾਫ਼ ਅਤੇ ਸਾਈਬਰ ਸੈੱਲ ਦੀ ਟੀਮ ਨੇ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਅਤੇ ਗਰੋਹ ਦੇ ਚਾਰ ਹੋਰ ਮੈਂਬਰਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਮੱਖਣ ਸਿੰਘ ਵਿਰੁੱਧ ਮਾਨਸਾ, ਬਠਿੰਡਾ ਅਤੇ ਤਲਵੰਡੀ ਸਾਬੋ ਥਾਣਿਆਂ ਵਿੱਚ 5 ਕੇਸ ਦਰਜ ਹਨ। ਮੁਲਜ਼ਮ ਸੋਨੂੰ ਵਿਰੁੱਧ ਘੜਸਾਣਾ ਥਾਣਾ ਅਤੇ ਛੱਤਰਗੜ੍ਹ ਥਾਣੇ ਵਿੱਚ ਦੋ ਕੇਸ ਦਰਜ ਹਨ ਜਦਕਿ ਮੁਲਜ਼ਮ ਰਾਮਕ੍ਰਿਸ਼ਨ ਵਿਰੁੱਧ ਕਪੂਰਥਲਾ ਥਾਣੇ ਵਿੱਚ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਹੈ।