ਹਾਈਵੇਅ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ
ਪੰਜਾਬ ਪੁਲੀਸ ਦੇ ਹੱਥ ਉਦੋਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ 25 ਅਗਸਤ ਨੂੰ ਪਿੰਡ ਸੇਵੇਵਾਲਾ ਨੇੜਿਓਂ ਰਾਜਿੰਦਰ ਸਿੰਘ ਤੋਂ ਖੋਹੀ ਗਈ ਵਰਨਾ ਕਾਰ ਸਣੇ ਚਾਰ ਲੁਟੇਰਿਆਂ ਦੇ ਗਿਰੋਹ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਗਿਆ। ਐੱਸਪੀ (ਜਾਂਚ) ਸੰਦੀਪ ਵਡੇਰਾ ਨੇ ਅੱਜ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਉਰਫ਼ ਹਰਮਨ, ਜਗਰਾਜ ਸਿੰਘ ਉਰਫ਼ ਯੁਵਰਾਜ ਸਿੰਘ, ਮੀਤਪਾਲ ਸਿੰਘ ਉਰਫ਼ ਮੀਤਾ ਅਤੇ ਮਨਪਿੰਦਰ ਸਿੰਘ ਉਰਫ਼ ਮੰਨਾ ਵਾਸੀ (ਵਾਸੀ ਤਰਨ ਤਾਰਨ) ਵਜੋਂ ਹੋਈ ਹੈ।
ਐੱਸਪੀ ਨੇ ਦੱਸਿਆ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਉਨ੍ਹਾਂ ਸਮੇਤ ਡੀਐੱਸਪੀ (ਇਨਵੈਸਟੀਗੇਸ਼ਨ) ਅਰੁਣ ਮੁੰਡਨ ਅਤੇ ਡੀਐੰਸਪੀ ਜੈਤੋ ਮਨੋਜ ਕੁਮਾਰ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਫ਼ਰੀਦਕੋਟ, ਸੀਆਈਏ ਸਟਾਫ਼ ਜੈਤੋ, ਟੈਕਨੀਕਲ ਸੈੱਲ ਅਤੇ ਥਾਣਾ ਜੈਤੋ ਦੀਆਂ ਵਿਸ਼ੇਸ਼ ਪੁਲੀਸ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ 29 ਅਗਸਤ ਨੂੰ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇੱਕ ਲੁਟੇਰਾ ਗਰੋਹ ਹਾਈਵੇਅ ’ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਟੀਮਾਂ ਨੇ ਫੌਰੀ ਕਾਰਵਾਈ ਕਰਦਿਆਂ, ਚਾਰੋਂ ਮੁਲਜ਼ਮਾਂ ਨੂੰ ਬੀੜ ਸਿੱਖਾਂ ਵਾਲਾ ਰੋਡ ’ਤੇ ਖੋਹ ਕੀਤੀ ਵਰਨਾ ਕਾਰ ਅਤੇ ਵਾਰਦਾਤ ਦੌਰਾਨ ਵਰਤੀ ਸਵਿਫ਼ਟ ਡਿਜ਼ਾਇਰ ਕਾਰ ਸਮੇਤ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਅਤੇ 2 ਕਾਰਤੂਸ ਵੀ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ 20 ਅਗਸਤ ਨੂੰ ਸਰਹਿੰਦ ਨੇੜੇ ਮੇਨ ਹਾਈਵੇਅ ’ਤੇ ਵੀ ਇੱਕ ਖੋਹ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਪੁਰਾਣਾ ਰਿਕਾਰਡ ਵੀ ਅਪਰਾਧਿਕ ਹੈ। ਉੁਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਹੋਰ ਪੁੱਛ-ਪੜਤਾਲ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਡੀਐੱਸਪੀ ਜੈਤੋ ਮਨੋਜ ਕੁਮਾਰ ਅਤੇ ਐੱਸਐੱਚਓ ਜੈਤੋ ਨਵਪ੍ਰੀਤ ਸਿੰਘ ਵੀ ਹਾਜ਼ਰ ਸਨ।