ਕਾਲਾਂਵਾਲੀ ਵਿੱਚ ਪਹਿਲੀ ਵਾਰ ਸਟਾਲ ਲਾ ਕੇ ਵੇਚੇ ਜਾ ਰਹੇ ਪਟਾਕੇ
ਕਾਲਾਂਵਾਲੀ ਸ਼ਹਿਰ ਦੇ ਪੰਜਾਬ ਬੱਸ ਸਟੈਂਡ ਦੇ ਨੇੜੇ ਪਹਿਲੀ ਵਾਰ ਦੀਵਾਲੀ ’ਤੇ ਕਾਨੂੰਨੀ ਤੌਰ ’ਤੇ ਪਟਾਕੇ ਸਟਾਲ ਲਾ ਕੇ ਵੇਚੇ ਜਾਣਗੇ। ਇਸ ਨਾਲ ਸ਼ਹਿਰ ਵਾਸੀਆਂ ਵਿੱਚ ਕਾਫ਼ੀ ਉਤਸ਼ਾਹ ਹੈ। ਪ੍ਰਸ਼ਾਸਨ ਨੇ ਪਟਾਕੇ ਵੇਚਣ ਲਈ ਤਿੰਨ ਸਟਾਲਾਂ ਲਈ ਡਰਾਅ ਕੱਢਿਆ। ਸਟਾਲ...
ਕਾਲਾਂਵਾਲੀ ਸ਼ਹਿਰ ਦੇ ਪੰਜਾਬ ਬੱਸ ਸਟੈਂਡ ਦੇ ਨੇੜੇ ਪਹਿਲੀ ਵਾਰ ਦੀਵਾਲੀ ’ਤੇ ਕਾਨੂੰਨੀ ਤੌਰ ’ਤੇ ਪਟਾਕੇ ਸਟਾਲ ਲਾ ਕੇ ਵੇਚੇ ਜਾਣਗੇ। ਇਸ ਨਾਲ ਸ਼ਹਿਰ ਵਾਸੀਆਂ ਵਿੱਚ ਕਾਫ਼ੀ ਉਤਸ਼ਾਹ ਹੈ। ਪ੍ਰਸ਼ਾਸਨ ਨੇ ਪਟਾਕੇ ਵੇਚਣ ਲਈ ਤਿੰਨ ਸਟਾਲਾਂ ਲਈ ਡਰਾਅ ਕੱਢਿਆ। ਸਟਾਲ ਸੰਚਾਲਕਾਂ ਨੇ ਪ੍ਰਸ਼ਾਸਨ ਦੁਆਰਾ ਚੁਣੀਆਂ ਥਾਵਾਂ ’ਤੇ ਆਪਣੇ ਸਟਾਲ ਲਗਾਏ ਹਨ। ਇਨ੍ਹਾਂ ਸਟਾਲਾਂ ਦੇ ਸੰਚਾਲਕਾਂ ਨੇ ਅੱਗ ਬੁਝਾਊ ਸਿਲੰਡਰਾਂ, ਰੇਤ, ਪਾਣੀ ਆਦਿ ਲਈ ਢੁਕਵੇਂ ਪ੍ਰਬੰਧ ਕੀਤੇ ਹਨ। ਪ੍ਰਸ਼ਾਸਨ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲੀਸ ਬਲ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪਟਾਕੇ ਵੇਚਣ ਲਈ ਕੁੱਲ ਨੌਂ ਵਿਅਕਤੀਆਂ ਨੇ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਪ੍ਰਸ਼ਾਸਨ ਨੇ ਸਿਰਸਾ ਵਿੱਚ ਤਿੰਨ ਡਰਾਅ ਕੱਢੇ। ਡਰਾਅ ਵਿੱਚ ਰਾਕੇਸ਼ ਕੁਮਾਰ ਨੂੰ ਸਟਾਲ ਨੰਬਰ 1, ਰਮੇਸ਼ ਕੁਮਾਰ ਨੂੰ ਸਟਾਲ ਨੰਬਰ 2 ਅਤੇ ਸੰਨੀ ਕੁਮਾਰ ਨੂੰ ਸਟਾਲ ਨੰਬਰ 3 ਅਲਾਟ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਸ਼ਾਸਨ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਪਟਾਕੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗਾ।
ਪਟਾਕਿਆਂ ਦੀਆਂ ਸਟਾਲਾਂ ਦੀ ਥਾਂ ਤਬਦੀਲ
ਬਠਿੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਤਿਸ਼ਬਾਜ਼ੀ ਤੇ ਪਟਾਕਿਆਂ ਦੀ ਵਿਕਰੀ ਲਈ ਨਵੀਂ ਜਗ੍ਹਾ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਥਾਨਕ ਸਪੋਰਟਸ ਸਟੇਡੀਅਮ, ਬਠਿੰਡਾ ਵਿੱਚ ਪਟਾਕਿਆਂ ਦੀਆਂ ਸਟਾਲਾਂ ਲਗਾਉਣ ਦੀ ਆਰਜ਼ੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਲਈ 23 ਲਾਇਸੈਂਸ ਜਾਰੀ ਕੀਤੇ ਗਏ ਸਨ ਪਰ ਖਿਡਾਰੀਆਂ ਵੱਲੋਂ ਇਹ ਇਤਰਾਜ਼ ਕੀਤਾ ਗਿਆ ਕਿ ਸਟੇਡੀਅਮ ਦੀ ਅਥਲੈਟਿਕਸ ਟਰੈਕ ਪਟਾਕਿਆਂ ਦੀਆਂ ਸਟਾਲਾਂ ਲੱਗਣ ਨਾਲ ਖਰਾਬ ਹੋ ਸਕਦੀ ਹੈ। ਇਸ ਲਈ ਪ੍ਰਸ਼ਾਸਨ ਨੇ ਹੁਣ ਇਹ ਫੈਸਲਾ ਲਿਆ ਹੈ ਕਿ ਸਾਰੇ ਲਾਇਸੈਂਸਧਾਰਕ ਆਪਣੀਆਂ ਸਟਾਲਾਂ ਹੁਣ ਪੁੱਡਾ ਗਰਾਊਂਡ, ਪਾਵਰ ਹਾਊਸ ਰੋਡ, ਬਠਿੰਡਾ ਵਿੱਚ ਲਗਾਉਣਗੇ। ਡੀ.ਸੀ. ਨੇ ਕਿਹਾ ਕਿ ਇਹ ਫੈਸਲਾ ਸੁਰੱਖਿਆ ਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ, ਤਾਂ ਜੋ ਖਿਡਾਰੀਆਂ ਅਤੇ ਆਮ ਲੋਕਾਂ ਦੋਵਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ।
ਦੋ ਦੁਕਾਨਾਂ ਵਿੱਚ ਸਟੋਰ ਕੀਤੇ ਪਟਾਕੇ ਬਰਾਮਦ
ਤਪਾ ਮੰਡੀ ( ਰੋਹਿਤ ਗੋਇਲ): ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਦੁਕਾਨਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਪਟਾਖ਼ੇ ਸਟੋਰ ਕਰਨ ਦੀ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਕੁੱਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਵਿੱਚ ਪਟਾਕਿਆਂ ਨੂੰ ਸਟੋਰ ਕੀਤਾ ਜਾ ਰਿਹਾ ਹੈ। ਤਪਾ ਪੁਲੀਸ ਨੇ ਪਟਾਕੇ ਸਟੋਰ ਕਰਨ ਵਾਲੇ ਦੋ ਦੁਕਾਨਦਾਰਾਂ ਉੱਪਰ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਤਪਾ ਥਾਣੇ ਦੇ ਮੁਖੀ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਦੋ ਦੁਕਾਨਦਾਰਾਂ ਵੱਲੋਂ ਦੁਕਾਨਾਂ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਸਟੋਰ ਕੀਤੇ ਹੋਏ ਹਨ, ਜਿਸ ਦੇ ਆਧਾਰ ’ਤੇ ਪੁਲੀਸ ਵੱਲੋਂ ਦੋਵੇਂ ਦੁਕਾਨਾਂ ’ਤੇ ਛਾਪਾ ਮਾਰਿਆ ਗਿਆ। ਇਸ ਛਾਪੇ ਦੌਰਾਨ ਅਜੈ ਕੁਮਾਰ ਅਤੇ ਘਣਸ਼ਿਆਮ ਨਿਵਾਸੀ ਤਪਾ ਮੰਡੀ ਦੀਆਂ ਦੁਕਾਨਾਂ ਵਿੱਚ ਭਾਰੀ ਮਾਤਰਾ ਵਿੱਚ ਸਟੋਰ ਕੀਤੇ ਹੋਏ ਪਟਾਕੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਟੋਰ ਕੀਤੇ ਹੋਏ ਪਟਾਕਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਦੋਵੇਂ ਦੁਕਾਨਦਾਰਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਐੱਸ ਐੇੱਚ ਓ ਸ਼ਰੀਫ ਖਾਨ ਨੇ ਕਿਹਾ ਕਿ ਆਬਾਦੀ ਖੇਤਰ ਅਤੇ ਦੁਕਾਨਾਂ ਵਿੱਚ ਸਟੋਰ ਕੀਤੇ ਪਟਾਕਿਆਂ ਨਾਲ ਕਿਸੇ ਵੀ ਸਮੇਂ ਵੱਡੀ ਘਟਨਾ ਵਾਪਰ ਸਕਦੀ ਹੈ ਅਤੇ ਅਜਿਹੀ ਲਾਪਪ੍ਰਵਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।