ਰੰਗਲੇ ਪੰਜਾਬ ਦੀ ਤਸਵੀਰ ਪੇਸ਼ ਕਰਦਾ ਹੈ ਫਲਾਵਰ ਫੈਸਟੀਵਲ: ਸੰਧਵਾਂ
ਸ਼ਗਨ ਕਟਾਰੀਆ
ਬਠਿੰਡਾ, 9 ਮਾਰਚ
ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਟਰੀ ਲਵਰ ਸੁਸਾਇਟੀ ਵੱਲੋਂ ਇੱਥੇ ਰੋਜ਼ ਗਾਰਡਨ ਵਿੱਚ ਦੋ ਰੋਜ਼ਾ ਫਲਾਵਰ ਫੈਸਟੀਵਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਸੰਧਵਾਂ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ-ਜਿਹੇ ਮੇਲਿਆਂ ਦਾ ਅਸਰ ਅਗਲੀਆਂ ਪੀੜ੍ਹੀਆਂ ’ਤੇ ਪੈਂਦਾ ਹੈ। ਉਨ੍ਹਾਂ ਆਖਿਆ ਕਿ ਫ਼ਲਾਵਰ ਫੈਸਟੀਵਲ ਪੰਜਾਬ ਦੇ ਰੰਗਾਂ ਨੂੰ ਦਰਸਾਉਂਦਾ ਹੈ ਅਤੇ ਇਹ ਮੇਲਾ ਰੰਗਲੇ ਪੰਜਾਬ ਦੀ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਹਮੇਸ਼ਾ ਕੁਦਰਤ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਅਤੇ ਉਸ ਦਾ ਆਨੰਦ ਮਾਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਮੇਲੇ ਕਰਾਉਣ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਟਰੀ ਲਵਰ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਸੰਧਵਾਂ ਦਾ ਸਨਮਾਨ ਕੀਤਾ ਗਿਆ। ਮੇਲੇ ਦੌਰਾਨ ਬੱਚਿਆਂ ਵੱਲੋਂ ਪੰਜਾਬੀਆਂ ਦੀ ਸ਼ਾਨ ਭੰਗੜਾ, ਸੱਭਿਆਚਾਰਕ ਗੀਤ ਅਤੇ ਗਤਕੇ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਸਟੇਜੀ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ, ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਨਵਦੀਪ ਜੀਦਾ, ਪੰਜਾਬ ਮੀਡੀਅਮ ਇੰਡਸਟ੍ਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ, ਆਬਕਾਰੀ ਤੇ ਕਰ ਵਿਭਾਗ ਦੇ ਚੇਅਰਮੈਨ ਅਨਿਲ ਠਾਕੁਰ, ‘ਆਪ’ ਆਗੂ ਮਨਦੀਪ ਕੌਰ ਰਾਮਗੜ੍ਹੀਆ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ।
ਚੇਅਰਮੈਨ ਜਤਿੰਦਰ ਭੱਲਾ ਦਾ ਸਨਮਾਨ
‘ਫ਼ਲਾਵਰ ਫੈਸਟੀਵਲ’ ਦੇ ਪ੍ਰਬੰਧਕਾਂ ਤਰਫ਼ੋਂ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਭੱਲਾ ਨੇ ਕਿਹਾ ਕਿ ਲੋਕਾਂ ਨੂੰ ਕੁਦਰਤ ਨਾਲ ਜੋੜਨ ਲਈ ਅਜਿਹੇ ਮੇਲੇ ਹਰ ਜਗ੍ਹਾ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਰੋਜ਼ ਗਾਰਡਨ ਫੁੱਲਾਂ ਨਾਲ ਭਰਿਆ ਮਹਿਕਾਂ ਛੱਡ ਰਿਹਾ ਹੈ ਅਤੇ ਇਸ ਲਈ ਫੈਸਟੀਵਲ ਦੇ ਪ੍ਰਬੰਧਕ ਸ਼ਲਾਘਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ‘ਟਰੀ ਲਵਰ ਸੁਸਾਇਟੀ’ ਵੱਲੋਂ ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਅਤੇ ਆਮ ਲੋਕਾਈ ਨੂੰ ਵਿਆਪਕ ਪੱਧਰ ’ਤੇ ਫੁੱਲਾਂ ਦੀ ਪਨੀਰੀ ਵੰਡੀ ਗਈ ਸੀ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਸੁਸਾਇਟੀ ਦੇ ਕੰਮ ਨੂੰ ਹੋਰ ਉਤਸ਼ਾਹੀ ਬਣਾਉਣ ਲਈ ਉਹ ਹਰ ਸਮੇਂ ਹਰ ਪੱਧਰ ’ਤੇ ਮੱਦਦ ਦੇਣ ਲਈ ਵਚਨਬੱਧ ਹਨ।