ਹੜ੍ਹਾਂ ਦੀ ਮਾਰ: ਸਰਹੱਦੀ ਖੇਤਰ ’ਚ ਜ਼ਿੰਦਗੀ ਲੀਹੋਂ ਲੱਥੀ
ਸਤਲੁਜ ਦਰਿਆ ’ਚ ਆਏ ਹੜ੍ਹ ਕਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਸਤਲੁਜ ਪਾਰਲੇ 12 ਪਿੰਡਾਂ ਦੀਆਂ 20 ਦੇ ਕਰੀਬ ਢਾਣੀਆਂ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਚੁੱਕੀਆਂ ਹਨ। ਇਸੇ ਤਰ੍ਹਾਂ ਸਤਲੁਜ ਦਰਿਆ ਦੇ ਬੰਨ੍ਹ ਦੇ ਬਾਹਰ 15 ਦੇ ਕਰੀਬ ਪਿੰਡ ਹੁਣ ਪਾਣੀ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਹੜ੍ਹਾਂ ਕਾਰਨ ਤਿੰਨ ਦਰਜਨ ਦੇ ਕਰੀਬ ਸਰਹੱਦੀ ਪਿੰਡਾਂ ਦੇ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਉਨ੍ਹਾਂ ਲਈ ਰਾਸ਼ਨ ਪਸ਼ੂਆਂ ਲਈ ਹਰਾ ਚਾਰਾ, ਰਹਿਣ-ਸਹਿਣ ਦਾ ਪ੍ਰਬੰਧ ਬਹੁਤ ਵੱਡੀ ਮੁਸ਼ਕਲ ਬਣ ਚੁੱਕੀ ਹੈ। ਇਲਾਕੇ ਦੀ ਹਜ਼ਾਰਾਂ ਏਕੜ ਜ਼ਮੀਨ ਹੜ੍ਹਾਂ ਦੇ ਪਾਣੀ ਨਾਲ ਡੁੱਬ ਕੇ ਤਬਾਹ ਹੋ ਚੁੱਕੀ ਹੈ। ਹੜ੍ਹਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਮਦਦ ਲਈ ਪ੍ਰਸਿੱਧ ਗਾਇਕ ਅਤੇ ਕਲਾਕਾਰ ਰਵਿੰਦਰ ਗਰੇਵਾਲ, ਹਰਪਾਲ ਚੀਮਾ ਅਤੇ ਹਰਜੀਤ ਹਰਮਨ ਨੇ ਇਲਾਕੇ ਦੇ ਲੋਕਾਂ ਵਿੱਚ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਅਤੇ ਹਰ ਤਰ੍ਹਾਂ ਦੀ ਆਰਥਿਕ ਮੱਦ ਕਰਨ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਸੀ ਅਮਰਪ੍ਰੀਤ ਕੌਰ ਸੰਧੂ ਅਤੇ ਐੱਸਐੱਸਪੀ ਗੁਰਮੀਤ ਸਿੰਘ ਨੇ ਬੇੜੀ ਤੇ ਸਰਹੱਦੀ ਲੋਕਾਂ ਦੀਆਂ ਢਾਣੀਆਂ ਤੇ ਪਹੁੰਚ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਵਚਨਬੱਧਤਾ ਜਤਾਈ ਹੈ। ਸਰਹੱਦੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਭਾਵੇਂ ਲੱਖ ਦਾਅਵੇ ਕਰੇ ਕਿ ਉਹ ਉਨ੍ਹਾਂ ਦੀ ਸੁਰੱਖਿਆ ਦਾ ਪੂਰੀ ਤਰ੍ਹਾਂ ਪ੍ਰਬੰਧ ਹੈ ਪਰ ਹਕੀਕਤ ਇਸ ਦੇ ਉਲਟ ਹੈ। ਪਿੰਡ ਗੇਲੇ ਵਾਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਵੇਂ ਕੁਝ ਨਾ ਮਿਲੇ ਪਰ ਭੁੱਖੇ ਮਰ ਰਹੇ ਉਨ੍ਹਾਂ ਦੇ ਪਸ਼ੂਆਂ ਲਈ ਚਾਰਾ ਭੇਜਿਆ ਜਾਵੇ।
ਪਿੰਡ ਰੇਤੇ ਵਾਲੀ ਭੈਣੀ ਦੇ ਗ੍ਰੰਥੀ ਸਿੰਘ ਨੇ ਅਨਾਊਂਸਮੈਂਟ ਕਰ ਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ ਜੋ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗ੍ਰੰਥੀ ਸਿੰਘ ਕਹਿ ਰਿਹਾ ਹੈ ਕਿ ਲੋਕ ਆਪਣੀ ਜ਼ਿੱਦ ਛੱਡ ਕੇ ਸੁਰੱਖਿਅਤ ਥਾਵਾਂ ਜਾਂ ਕੈਂਪਾਂ ਵਿੱਚ ਚਲੇ ਜਾਣ। ਉਨ੍ਹਾਂ ਕਿਹਾ ਕਿ ਜਿਹੜਾ ਬਜ਼ੁਰਗ ਜ਼ਿੱਦ ਕਰਦਾ ਹੈ ਉਸ ਨੂੰ ਉੱਥੇ ਹੀ ਛੱਡ ਕੇ ਆਪਣੇ ਬੱਚਿਆਂ ਨੂੰ ਬਚਾ ਲਓ। ਫਾਜ਼ਿਲਕਾ ਦੇ ਸਤਲੁਜ ਦਰਿਆ ਤੋਂ ਕਈ ਕਿਲੋਮੀਟਰ ਦੂਰ ਬੇਰੀ ਵਾਲਾ ਖੂਹ ਤੇ ਟੁੱਟੀ ਨਹਿਰ ਨੇ ਆਸ-ਪਾਸ ਦੇ ਅੱਧੀ ਦਰਜਨ ਦੇ ਵੱਧ ਪਿੰਡਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ। ਲੋਕ ਆਪਣੇ ਸਾਧਨ ਲੈ ਕੇ ਅਤੇ ਮੁੱਲ ਵਾਲੇ ਸਾਧਨ ਕਰਕੇ ਬਣ ਨੂੰ ਬੰਨ੍ਹਣ ਲਈ ਮਜਬੂਰ ਹਨ।
ਪਿੰਡ ਪੱਕਾ ਚਿਸਤੀ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਕਰਨ ਲਈ ਆਪ ਹੀ ਮਜਬੂਰ ਹਨ। ਪ੍ਰਸ਼ਾਸਨ ਉਨ੍ਹਾਂ ਦਾ ਹਾਲ ਤੱਕ ਜਾਣਨ ਨਹੀਂ ਆਇਆ। ਨਾਨਕ ਚੰਦ ਕਹਿੰਦਾ ਹੈ ਕਿ ਉਨ੍ਹਾਂ ਨੇ ਝਾੜੂ ਨੂੰ ਵੋਟਾਂ ਇਸ ਕਰਕੇ ਪਾਈਆਂ ਸਨ ਕਿ ਉਨ੍ਹਾਂ ਦੇ ਬੇਰੁਜ਼ਗਾਰ ਨੌਜਵਾਨਾਂ ਰੁਜ਼ਗਾਰ ਮਿਲੇਗਾ, ਮੁਸੀਬਤਾਂ ਤੋਂ ਛੁਟਕਾਰਾ ਮਿਲੇਗਾ ਪਰ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਹੈ। ਪਿੰਡ ਲਾਧੂਕਾ ਵਾਸਨੀਕ ਕਿਸਾਨ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੱਖਾਂ ਰੁਪਏ ਦੀ ਇਹ ਫਸਲ ਦਾ ਤਬਾਹ ਹੋ ਗਈ। ਸਰਹੱਦੀ ਖੇਤਰ ਦੀਆਂ ਔਰਤਾਂ ਕਹਿ ਰਹੀਆਂ ਹਨ ਕਿ ਕਰਜ਼ੇ ਚੁੱਕ ਕੇ ਬਣਾਏ ਮਕਾਨ ਤੇ ਬੀਜੀ ਫਸਲ ਹੁਣ ਉਨ੍ਹਾਂ ਲਈ ਵੱਡਾ ਬੋਝ ਬਣ ਜਾਏਗੀ।
ਢਾਣੀ ਬਚਨ ਸਿੰਘ ਦਾ ਲਖਵਿੰਦਰ ਸਿੰਘ ਕਹਿੰਦਾ ਹੈ ਕਿ ਸੱਤਾ ਧਿਰ ਦੇ ਰਾਜਸੀ ਆਗੂ ਆਉਂਦੇ ਅਤੇ ਫੋਟੋਆਂ ਖਿੱਚਵਾ ਕੇ ਚਲੇ ਜਾਂਦੇ, ਅਸਲੀ ਹੱਲ ਕੱਢਣ ਲਈ ਉਨ੍ਹਾਂ ਨੇ ਕਦੇ ਮੂੰਹ ਤੱਕ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਉਹ ਇਸ ਦਾ ਵੀ ਹਿਸਾਬ ਲੈਣਗੇ। ਪ੍ਰਸ਼ਾਸਨ ਨੇ ਦੱਸਿਆ ਕਿ ਹੁਸੈਨੀਵਾਲਾ ਹੈੱਡ ਵਰਕਸ ਤੋਂ ਸਤਲੁਜ ਵਿੱਚ 3 ਲੱਖ 11 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ। ਦੇਰ ਰਾਤ ਹੁਸੈਨੀਵਾਲਾ ਤੋਂ ਪਾਣੀ ਵੱਡੀ ਮਾਤਰਾ ਵਿੱਚ ਛੱਡੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਰਾਹੀਂ ਸਰਹੱਦੀ ਪਿੰਡਾਂ ਵਿੱਚ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਪਿੰਡਾਂ ਤੇ ਘਰਾਂ ਨੂੰ ਛੱਡ ਕੇ ਬਾਹਰ ਆ ਜਾਣ। ਪਿੰਡਾਂ ਅਤੇ ਢਾਣੀਆਂ ਦੇ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਦੇਣ ’ਤੇ ਡੀਸੀ ਅਮਰਪ੍ਰੀਤ ਕੌਰ ਸੰਧੂ ਨੇ ਆਪਣੇ ਨਾਲ ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਲੈ ਕੇ ਬੇੜੀ ਰਾਹੀ ਸਰਹੱਦੀ ਪਿੰਡਾਂ ਅਤੇ ਢਾਣੀਆਂ ’ਚ ਜਾ ਕੇ ਲੋਕਾਂ ਨੂੰ ਹੱਥ ਜੋੜ ਕੇ ਛੋਟੇ ਸਪੀਕਰ ਰਾਹੀਂ ਅਪੀਲ ਕਰਨੀ ਪਈ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਨੰਬਰ 01638 262 153 ’ਤੇ ਸੰਪਰਕ ਕੀਤਾ ਜਾ ਸਕਦਾ ਹੈ।