ਹੜ੍ਹਾਂ ਦੀ ਮਾਰ: ਸਤਲੁਜ ’ਚ ਪਾਣੀ ਘਟਿਆ, ਲੋਕਾਂ ਦੀਆਂ ਸਮੱਸਿਆਵਾਂ ਵਧੀਆਂ
ਸਤਲੁਜ ਦਰਿਆ ’ਚ ਪਾਣੀ ਵਧਣ ਕਰ ਕੇ ਆਏ ਹੜ੍ਹ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਭਾਵੇਂ ਦਰਿਆ ’ਚ ਇੱਕ ਵਾਰ ਪਾਣੀ ਦਾ ਪੱਧਰ ਥੋੜ੍ਹਾ ਘੱਟ ਗਿਆ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ ਕਿਉਂਕਿ ਹੜ੍ਹ ਕਾਰਨ ਸਰਹੱਦੀ ਪਿੰਡਾਂ ਵਿੱਚ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਗਈ ਹੈ ਜਿਸ ਵਿੱਚ ਝੋਨਾ ਨਰਮਾ, ਹਰਾ ਚਾਰਾ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਹਨ। ਹੜ੍ਹ ਪ੍ਰਭਾਵਿਤ ਲੋਕਾਂ ਵੱਲੋਂ ਸਰਕਾਰ ਤੋਂ ਢੁਕਵੀਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਹੜ੍ਹਾਂ ਕਾਰਨ ਪਿੰਡ ਵਾਲ੍ਹੇ ਸ਼ਾਹ ਹਿਥਾੜ, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ, ਗੁੱਦੜ ਭੈਣੀ, ਰਾਮ ਸਿੰਘ ਭੈਣੀ, ਦੋਨਾ ਨਾਨਕਾ, ਮਹਾਤਮ ਨਗਰ, ਤੇਜਾ ਰੁਹੇਲਾ, ਚੱਕ ਰੁਹੇਲਾ, ਝੰਗੜ ਭੈਣੀ, ਰੇਤੇ ਵਾਲੀ ਭੈਣੀ ਅਤੇ ਹੋਰ ਆਸ ਪਾਸੇ ਦੇ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਦਰਿਆ ਦੇ ਨਜ਼ਦੀਕ ਢਾਣੀਆਂ ਤੇ ਰਹਿੰਦੇ ਬਹੁਤ ਸਾਰੇ ਲੋਕਾਂ ਦੇ ਘਰ ਵੀ ਹੜ੍ਹ ਦੀ ਲਪੇਟ ਵਿੱਚ ਆਏ ਹਨ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ ਹੈ। ਲੋਕਾਂ ਦਾ ਕਹਿਣਾ ਹੈ ਨੁਕਸਾਨ ਦੀ ਭਰਪਾਈ ਤਾਂ ਪੂਰੀ ਨਹੀਂ ਹੋ ਸਕਦੀ, ਪਰ ਇਸ ਸਮੇਂ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ, ਨਾ ਕਿ ਸਿਰਫ ਪ੍ਰਸ਼ਾਸਨ ਜਾਂ ਫਿਰ ਸੱਤਾ ਧਿਰ ਦੇ ਆਗੂਆਂ ਨੂੰ ਲੋਕਾਂ ਦਾ ਹਾਲ-ਚਾਲ ਪੁੱਛ ਕੇ ਫੋਟੋਆਂ ਖਿੱਚਵਾ ਕੇ ਵਾਪਸ ਨਹੀਂ ਮੁੜ ਜਾਣਾ ਚਾਹੀਦਾ। ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਇੱਥੇ ਪਿੰਡ ਮਹਾਤਮ ਨਗਰ ਦੇ ਨਜ਼ਦੀਕ ਲਗਦੇ ਬੁੱਢਾ ਦਰਿਆ ਦੇ ਨਾਮ ਨਾਲ ਮਸ਼ਹੂਰ ਫਾਟ ਵੀ ਭਰ ਗਈ ਹੈ ਜਿਸ ਕਾਰਨ ਇੱਥੇ ਕਰੀਬ 500 ਏਕੜ ਤੋਂ ਵੀ ਜ਼ਿਆਦਾ ਫ਼ਸਲ ਨੁਕਸਾਨੀ ਗਈ ਹੈ।
ਕੁਝ ਲੋਕਾਂ ਨੇ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਮਦਦ ਨਾ ਮਿਲਣ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਹੈ। ਸਰਹੱਦੀ ਲੋਕਾਂ ਦਾ ਕਹਿਣਾ ਹੈ ਕਿ ਜਿਸ ਥਾਂ ’ਤੇ ਉਨ੍ਹਾਂ ਦੀ ਭਾਰੀ ਤਬਾਹੀ ਹੋ ਰਹੀ ਹੈ ਪ੍ਰਸ਼ਾਸਨ ਅਤੇ ਸੱਤਾ ਧਿਰ ਦੇ ਆਗੂਆਂ ਨੂੰ ਉਸ ਜਗਹਾ ਤੇ ਪਹੁੰਚ ਕੇ ਪ੍ਰਭਾਵਿਤ ਲੋਕਾਂ ਨੂੰ ਪੁੱਛ ਕੇ ਮਦਦ ਕਰਨੀ ਚਾਹੀਦੀ ਹੈ ਨਾ ਕਿ ਕਾਗਜ਼ਾਂ ਵਿੱਚ ਖਾਨਾ ਪੂਰਤੀ ਕਰਕੇ ਮਦਦ ਕਿਸੇ ਹੋਰ ਨੂੰ ਮਿਲ ਜਾਵੇ।
ਐੱਸਡੀਐੱਮ ਵੱਲੋਂ ਸਤਲੁਜ ਨੇੜਲੇ ਪਿੰਡਾਂ ਦਾ ਦੌਰਾ
ਗੁਰੂ ਹਰਸਹਾਏ (ਪੱਤਰ ਪ੍ਰੇਰਕ): ਐੱਸਡੀਐੱਮ ਗੁਰੂ ਹਰਸਹਾਏ ਉਦੈਦੀਪ ਸਿੰਘ ਵੱਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਗਜ਼ਨੀ ਵਾਲਾ ਅਤੇ ਰਾਜਾ ਰਾਏ ਪਿੰਡਾਂ ਸਮੇਤ ਸਤਲੁਜ ਦਰਿਆ ਕਿਨਾਰੇ ਸਥਿਤ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਹੈ ਅਤੇ ਦਰਿਆ ਵਿੱਚ ਪਿੱਛੋਂ ਆ ਰਿਹਾ ਪਾਣੀ ਲਗਾਤਾਰ ਆਪਣੀ ਰਫ਼ਤਾਰ ਦੇ ਨਾਲ ਨਿਕਲ ਰਿਹਾ ਹੈ। ਜਿੱਥੇ ਕਿਤੇ ਬੰਨ੍ਹ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਥੇ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ।