DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹਾਂ ਦੀ ਮਾਰ: ਲੋਕਾਂ ਨੇ ਰਾਹਤ ਕੈਂਪਾਂ ’ਚ ਲਈ ਪਨਾਹ

ਡੀਸੀ ਵੱਲੋਂ ਕੈਂਪਾਂ ਦਾ ਦੌਰਾ; ਘਰਾਂ ਤੇ ਫ਼ਸਲਾਂ ਦਾ ਨੁਕਸਾਨ; ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ
  • fb
  • twitter
  • whatsapp
  • whatsapp
featured-img featured-img
ਫ਼ਾਜ਼ਿਲਕਾ ’ਚ ਰਾਹਤ ਕੈਂਪ ਦਾ ਦੌਰਾ ਕਰਦੇ ਹੋਏ ਡੀਸੀ ਅਮਰਪ੍ਰੀਤ ਕੌਰ ਸੰਧੂ ਅਤੇ ਹੋਰ ਅਧਿਕਾਰੀ।
Advertisement

ਸਰਹੱਦੀ ਪਿੰਡਾਂ ਵਿੱਚ ਹੜ੍ਹ ਨੇ ਭਾਰੀ ਤਬਾਹੀ ਮਚਾ ਰੱਖੀ ਹੈ। ਸਰਹੱਦੀ ਇਲਾਕੇ ਦੇ ਦਰਜਨ ਭਰ ਤੋਂ ਵੀ ਵੱਧ ਪਿੰਡਾਂ ਦੇ ਲੋਕਾਂ ਦੀਆਂ ਫਸਲਾਂ ਅਤੇ ਮਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਪਿੰਡਾਂ ਵਿੱਚ ਸਰਹੱਦੀ ਪਿੰਡ ਤੇਜਾ ਰੁਹੇਲਾ, ਚੱਕ ਰੁਹੇਲਾ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਦੋਨਾਂ ਨਾਨਕਾ, ਮਹਾਤਮ ਨਗਰ, ਰਾਮ ਸਿੰਘ ਵਾਲੀ ਭੈਣੀ, ਵੱਲੇ ਸ਼ਾਹ ਹਿਥਾੜ, ਮੁਹਾਰ ਜਮਸ਼ੇਰ, ਢਾਣੀ ਸੱਦਾ ਸਿੰਘ, ਗੁੱਦੜ ਭੈਣੀ ਆਦਿ ਕਈ ਪਿੰਡ ਸ਼ਾਮਿਲ ਹਨ। ਇਸੇ ਤਰ੍ਹਾਂ ਸਰਹੱਦੀ ਪਿੰਡ ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਵਿੱਚ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਪਿੰਡ ਵਾਸੀਆਂ ਮੁਤਾਬਿਕ ਹੜ੍ਹ ਨਾਲ ਹੁਣ ਤੱਕ ਇਨ੍ਹਾਂ ਦੋਵੇਂ ਪਿੰਡਾਂ ਦੀ ਸਾਰੀ ਫ਼ਸਲ ਬਰਬਾਦ ਹੋ ਚੁੱਕੀ ਹੈ। ਲੋਕ ਹੁਣ ਪ੍ਰਸ਼ਾਸਨ ਵੱਲੋਂ ਬਣਾਏ ਕੈਂਪਾਂ ’ਚ ਜਾਣ ਲੱਗੇ ਹਨ। ਅਮਰੀਕ ਸਿੰਘ ਨਿਵਾਸੀ ਪਿੰਡ ਤੇਜਾ ਰੁਹੇਲਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਅਤੇ ਆਸ-ਪਾਸ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਨੇ ਭਾਰੀ ਤਬਾਹੀ ਮਚਾ ਰੱਖੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਪਿੰਡ ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਦੋਨਾਂ ਪਿੰਡਾਂ ਦੀ ਕਰੀਬ 2000 ਏਕੜ ਜ਼ਮੀਨ ਤੇ ਖੜ੍ਹੀ ਸਾਰੀ ਹੀ ਫ਼ਸਲ ਬਰਬਾਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕੇ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਪਿੰਡਾਂ ਦਾ ਹੋਰ ਵੀ ਨੁਕਸਾਨ ਹੋਣ ਦਾ ਖ਼ਤਰਾ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਉਨ੍ਹਾਂ ਦੇ ਪਿੰਡਾਂ ਦੇ ਲੋਕ ਆਪਣੇ ਘਰਾਂ ਦਾ ਸਮਾਨ ਅਤੇ ਆਪਣੇ ਪਸ਼ੂਆਂ ਨੂੰ ਉੱਚੀਆਂ ਥਾਵਾਂ ਤੇ ਲੈਕੇ ਜਾ ਰਹੇ ਹਨ। ਕੁਝ ਲੋਕਾਂ ਨੇ ਆਪਣਾ ਸਮਾਨ ਆਪਣੇ ਘਰਾਂ ਦੀਆਂ ਛੱਤਾਂ ਉਪਰ ਵੀ ਰੱਖਿਆ ਹੋਇਆ ਹੈ। ਹੜ੍ਹ ਕਾਰਨ ਸੜਕਾਂ ’ਤੇ ਵੀ 3 ਤੋਂ 4 ਫੁੱਟ ਤੱਕ ਪਾਣੀ ਵਗ ਰਿਹਾ ਹੈ। ਇਸ ਦੌਰਾਨ ਸੜਕ ਤੋਂ ਗੁਜ਼ਰਨ ਵਾਲੇ ਲੋਕਾਂ ਦੇ ਵਾਹਨ ਪਾਣੀ ਵਿੱਚ ਬੰਦ ਹੋ ਰਹੇ ਹਨ, ਜਿਸ ਕਾਰਨ ਲੋਕਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਲਾਕੇ ਦੀਆਂ ਸਾਰੀਆਂ ਹੀ ਫਸਲਾਂ ਤਬਾਹ ਹੋ ਜਾਣਗੀਆਂ ਅਤੇ ਸੈਂਕੜੇ ਮਕਾਨਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਨੇ ਸਰਕਾਰ ਤੋਂ ਉਨ੍ਹਾਂ ਦੀਆਂ ਨੁਕਸਾਨੀਆਂ ਫਸਲਾਂ ਦਾ ਉੱਚਿਤ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ ਹੈ।

Advertisement

ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਲਈ ਛੇ ਰਾਹਤ ਕੈਂਪ ਬਣਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਰਕਾਰੀ ਸਕੂਲ ਪਿੰਡ ਮੌਜਮ ਦੇ ਵਿੱਚ ਬਣੇ ਰਾਹਤ ਕੈਂਪ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਮੌਜਮ ਤੋਂ ਇਲਾਵਾ ਹਸਤਾਂ ਕਲਾਂ, ਸਲੇਮ ਸ਼ਾਹ, ਰਾਣਾ, ਸੰਤ ਕਬੀਰ ਪੋਲੀਟੈਕਨਿਕ ਕਾਲਜ ਫਾਜ਼ਿਲਕਾ ਅਤੇ ਅਸਫ ਵਾਲਾ ਵਿਖੇ ਰਾਹਤ ਕੈਂਪ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਇਹਨਾਂ ਕੈਂਪਾਂ ਵਿੱਚ 25 ਲੋਕ ਆਏ ਹਨ।

ਜਲਾਲਾਬਾਦ (ਪੱਤਰ ਪ੍ਰੇਰਕ): ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਗਾਤਾਰ ਜਾਰੀ ਹੈ। ਅੱਜ ਦਰਿਆ ਨੇੜਲੇ ਪਿੰਡਾਂ ਪ੍ਰਭਾਤ ਸਿੰਘ ਵਾਲਾ ਉਤਾੜ, ਹਿਠਾੜ, ਘੁਬਾਇਆ, ਸੰਤੋਖ ਸਿੰਘ ਵਾਲਾ, ਢਾਣੀ ਫੂਲਾ ਸਿੰਘ, ਚੱਕ ਖੀਵਾ ਆਦੀ ਵਿੱਚ ਉਨ੍ਹਾਂ ਦੀ ਟੀਮ ਮਦਦ ਲੈ ਕੇ ਪਹੁੰਚੀ। ਸ੍ਰੀ ਆਵਲਾ ਨੇ ਦੱਸਿਆ ਕਿ ਜਲਾਲਾਬਾਦ ਦੇ ਸਰਹੱਦੀ ਇਲਾਕੇ ਦੇ ਕਈ ਪਿੰਡਾਂ ਦਾ ਸੰਪਰਕ ਆਮ ਲੋਕਾਂ ਨਾਲੋਂ ਟੁੱਟ ਚੁੱਕਿਆ ਹੈ। ਲੋਕਾਂ ਨੂੰ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਬੜੀ ਦਿੱਕਤ ਪੇਸ਼ ਆ ਰਹੀ ਹੈ, ਜਿਸ ਨੂੰ ਦੇਖਦੇ ਹੋਏ ਪਹਿਲਾਂ ਵੀ ਪਸ਼ੂਆਂ ਲਈ ਮੱਕੀ ਦੇ ਆਚਾਰ ਦੀਆਂ ਕਈ ਟਰਾਲੀਆਂ ਗੱਠਾਂ ਵੰਡੀਆਂ ਗਈਆਂ ਸਨ ਅਤੇ ਅੱਜ ਫਿਰ ਮੱਕੀ ਦੇ ਆਚਾਰ ਦੀਆਂ ਕਈ ਆਚਾਰ ਵਾਲੀਆਂ ਗੱਠਾਂ ਟਰਾਲੀਆਂ ਵੰਡੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਮੇਂ ਸਮੇਂ ਤੇ ਜਿੱਥੇ ਵੀ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਤੁਰੰਤ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਮੀਹਾਂ ਕਾਰਨ ਸੂਬੇ ’ਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਦਰਿਆਵਾਂ ਕੰਢੇ ਵਾਲੇ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਡਰ ਅਤੇ ਆਸੰਕਾ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਤੁਜ ਦਰਿਆ ਦੇ ਕੰਢੇ ਆਲੇ-ਦੁਆਲੇ ਦੇ ਪਿੰਡਾਂ ਦਾ ਦੌਰਾ ਕਰਕੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ। ਇਥੇ ਡੀਸੀ ਸਾਗਰ ਸੇਤੀਆ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਤਲੁਜ ’ਚ ਪਾਣੀ ਦਾ ਪੱਧਰ 721 ਕਿਊਸਿਕ ਹੈ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਕਈ ਗੁਣਾਂ ਥੱਲ੍ਹੇ ਹੈ। ਇਸ ਮੌਕੇ ਏਡੀਸੀ ਜਨਰਲ ਸ੍ਰੀਮਤੀ ਚਾਰੂਮਿੱਤਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਸਿਰਫ ਸਤਰਕ ਰਹਿਣ ਦੀ ਲੋੜ ਹੈ।

ਦੇਸੀ ਬੇੜੀ ਰਾਹੀਂ ਪਰਿਵਾਰ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ

ਫਿਰੋਜ਼ਪੁਰ/ਮੱਲਾਂਵਾਲਾ (ਪੱਤਰ ਪ੍ਰੇਰਕ): ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਲੋਕ ਆਪਣੀ ਜਾਨ-ਮਾਲ ਦੀ ਰਾਖੀ ਲਈ ਸਭ ਕੁਝ ਕਰਨ ਲਈ ਤਿਆਰ ਹਨ। ਅੱਜ ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਇੱਕ ਪੀੜਤ ਪਰਿਵਾਰ ਦੇਸੀ ਜੁਗਾੜ ਲਾ ਕੇ ਬੇੜੀ ਬਣਾਈ ਅਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਰਿਵਾਰ ਸਮੇਤ ਸੁਰੱਖਿਤ ਥਾਂ ’ਤੇ ਪਹੁੰਚ ਗਿਆ। ਪਰਿਵਾਰ ਦੇ ਮੁਖੀ ਹਰਜਿੰਦਰ ਸਿੰਘ ਵਾਸੀ ਨਿਹਾਲਾ ਲਿਵੇਰਾ ਨੇ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਦਿਨ ਤੋਂ ਹੜ੍ਹ ਦੇ ਪਾਣੀ ਵਿੱਚ ਘਿਰੇ ਹੋਏ ਸਨ ਅਤੇ ਕਾਫੀ ਵਾਰ ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਸੁਰੱਖਿਤ ਥਾਂ ਵਿੱਚ ਜਾਣ ਲਈ ਬੇੜੀ ਦੀ ਮੰਗ ਕਰ ਰਹੇ ਸਨ ਪਰ ਕਿਸੇ ਨੇ ਵੀ ਸਾਡੀ ਗੱਲ ਵੱਲ ਧਿਆਨ ਨਹੀਂ ਦਿੱਤਾ। ਅੱਜ ਊਹ ਦੇਸੀ ਜੁਗਾੜ ਲਾ ਕੇ ਸੁਰੱਖਿਤ ਜਗ੍ਹਾ ’ਤੇ ਪਹੁੰਚ ਗਏ। ਲੋਕਾਂ ਨੇ ਮੰਗ ਕੀਤੀ ਹੜ੍ਹ ਫਸੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ।

ਸਰਹਿੰਦ ਨਹਿਰ ’ਤੇ ਬਣਿਆ ਪੁਲ ਟੁੱਟਿਆ

ਮਖੂ/ਮੱਲਾਂਵਾਲਾ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਸਤਲੁਜ ਅਤੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬਲਾਕ ਮਖੂ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਹਰੀਕੇ ਹੈੱਡ ਵਰਕਸ ਵਿੱਚੋਂ ਨਹਿਰਾਂ ਵਿੱਚ ਛੱਡੇ ਗਏ ਪਾਣੀ ਨਾਲ ਮੱਲਾਂਵਾਲਾ ਰੋਡ ’ਤੇ ਸਥਿਤ ਬਲਾਕ ਮਖੂ ਦੇ ਪਿੰਡ ਝਾਮਕੇ ਕੋਲੋਂ ਸਰਹਿੰਦ ਫੀਡਰ ਨਹਿਰ ‘ਤੇ ਬਣਿਆ ਹੋਇਆ ਪੁਲ ਟੁੱਟਣ ਕਾਰਨ ਪਿੰਡ ਨੂੰ ਆਉਣ-ਜਾਣ ਦਾ ਰਸਤਾ ਬੰਦ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰੀਕੇ ਹੈੱਡ ਵਰਕਸ ਤੋਂ ਨਹਿਰਾਂ ਵਿੱਚ ਪਾਣੀ ਛੱਡਣ ਦੌਰਾਨ ਕਲਾਲੀ ਬੂਟੀ ਪੁਲ ਵਿੱਚ ਫਸਣ ਕਾਰਨ ਨਹਿਰ ਦਾ ਪੁਲ ਟੁੱਟਿਆ ਹੈ, ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆ ਜਾ ਰਹੀਆਂ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਫ਼ਿਰੋਜ਼ਪੁਰ ਜ਼ਿਲ੍ਹੇ ਦੇ 2000 ਵਿਅਕਤੀ ਰਾਹਤ ਕੈਂਪਾਂ ’ਚ ਪੁੱਜੇ

ਫ਼ਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਸਤਲੁਜ ਦਰਿਆ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਚ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਨਾਲ ਚੌਕਸ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 12 ਰਾਹਤ ਕੈਂਪ ਬਣਾਏ ਗਏ ਹਨ, ਜਿੱਥੇ ਲਗਪਗ 2000 ਲੋਕਾਂ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਮੈਡੀਕਲ ਕੈਂਪ ਲੱਗੇ ਹੋਏ ਹਨ। ਆਰਮੀ, ਬੀਐੱਸਐੱਫ ਤੇ ਐੱਨਡੀਆਰਐੱਫ ਦੀਆਂ ਟੀਮਾਂ ਦਿਨ ਰਾਤ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕੰਮ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਚ ਗੁਰਦੁਆਰਾ ਸਾਹਿਬ ਪਿੰਡ ਬੱਗੇ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਬਾਰੇ ਕੇ, ਸਰਕਾਰੀ ਹਾਈ ਸਕੂਲ ਦੁਲਚੀ ਕੇ, ਫੱਤੇ ਵਾਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗੇ ਵਾਲਾ, ਫਤਿਹਗੜ੍ਹ ਸਭਰਾਂ, ਦੋਨਾ ਮੱਤੜ, ਮਾਦੀ ਕੇ ਸਮੇਤ ਕੁੱਲ 12 ਰਾਹਤ ਕੈਂਪ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਸਬੰਧੀ ਹੰਗਾਮੀ ਸਥਿਤੀ ਵਿਚ ਕੰਟਰੋਲ ਰੂਮ ਦੇ ਨੰਬਰ 01632-244017 ’ਤੇ ਰਾਬਤਾ ਕਾਇਮ ਕਰਨ।

Advertisement
×