ਹੜ੍ਹਾਂ ਦੀ ਮਾਰ: ਸਰਹੱਦੀ ਪਿੰਡਾਂ ਦੇ ਲੋਕ ਕਾਲੇ ਪਾਣੀ ਤੋਂ ਦੁਖੀ
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਾਲੇ ਕੇ ਹਿਠਾੜ ਅਤੇ ਬੰਡਾਲਾ ਵਿੱਚ ਹੜ੍ਹ ਦਾ ਪਾਣੀ ਪੂਰੀ ਤਰ੍ਹਾਂ ਨਹੀਂ ਉਤਰਿਆ ਹੈ। ਪਿੰਡ ਆਰਿਫ ਕੇ ਤੋਂ ਕੋਟ ਬੁੱਢਾ ਪੁਲ ਦੇ ਨੇੜੇ ਵਸੇ, ਇਨ੍ਹਾਂ ਪਿੰਡਾਂ ਦੇ ਕਈ ਥਾਵਾਂ ’ਤੇ ਪਾਣੀ ਅਜੇ ਵੀ ਖੜ੍ਹਾ ਹੈ। ਇਹ ਪਾਣੀ ਹੁਣ ਪੂਰੀ ਤਰ੍ਹਾਂ ਕਾਲਾ ਹੋ ਗਿਆ ਹੈ ਅਤੇ ਬਹੁਤ ਭੈੜੀ ਬਦਬੂ ਮਾਰ ਰਿਹਾ ਹੈ। ਪਿੰਡ ਵਾਸੀ ਅਜਿਹੇ ਹਾਲਾਤਾਂ ਤੋਂ ਬਹੁਤ ਦੁਖੀ ਹਨ। ਪਿੰਡ ਵਾਸੀਆਂ ਨੂੰ ਅਜੇ ਵੀ ਰੋਜ਼ਾਨਾ ਕਾਲੇ ਤੇ ਬਦਬੂਦਾਰ ਪਾਣੀ ਵਿੱਚੋਂ ਲੰਘ ਕੇ ਆਪਣੇ ਕੰਮਾਂ ਧੰਦਿਆਂ ਲਈ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੁਸ਼ਕਲ ਹੜ੍ਹ ਦੇ ਪਾਣੀ ਨਾਲੋਂ ਵੀ ਬਹੁਤ ਬੁਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਾਣੀ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਪਸ਼ੂ ਮਰੇ ਹੋਣ ਦਾ ਖਦਸ਼ਾ ਹੈ, ਤੋਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਨੇਰੇ ਸਵੇਰੇ ਆਉਂਦੇ-ਜਾਂਦੇ ਸਮੇਂ ਇਹੀ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਅਜਿਹੀ ਚੀਜ਼ ਨਾ ਡੰਗ ਲਵੇ ਜਿਸ ਨਾਲ ਜਾਨ ਖਤਰੇ ਵਿੱਚ ਪੈ ਜਾਵੇ। ਹੜ੍ਹ ਪੀੜਤ ਕਿਸਾਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਸਰਵੇ ਕਰਵਾ ਕੇ ਸਾਨੂੰ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲੇ ਤਾਂ ਕਿ ਅਸੀਂ ਅਗਲੀ ਫਸਲ ਲਈ ਜ਼ਮੀਨ ਨੂੰ ਉਪਜਾਊ ਬਣਾ ਸਕੀਏ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਾਣੀ ਦੀ ਨਿਕਾਸੀ ਅਤੇ ਸਫਾਈ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ, ਨਹੀਂ ਤਾਂ ਬਿਮਾਰੀਆਂ ਅਤੇ ਮਹਾਂਮਾਰੀਆਂ ਦਾ ਗੰਭੀਰ ਖ਼ਤਰਾ ਹੈ।