ਹੜ੍ਹਾਂ ਦੀ ਮਾਰ: ਮਜ਼ਦੂਰ ਜਥੇਬੰਦੀਆਂ ਵੱਲੋਂ ਮੁਆਵਜ਼ੇ ਲਈ ਮੋਟਰਸਾਈਕਲ ਮਾਰਚ
ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ
ਹੜ੍ਹਾਂ-ਬਾਰਸ਼ਾਂ ਕਾਰਨ ਹੋਏ ਭਾਰੀ ਜਾਨੀ-ਮਾਲੀ ਨੁਕਸਾਨ ਦੇ ਮੁਆਵਜ਼ੇ ਲਈ, ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉੱਤੇ ਮੁਕਤਸਰ, ਮਲੋਟ ਦੇ ਪਿੰਡਾਂ ਲੱਕੜ ਵਾਲਾ, ਲਖਮੀਰੀਆਣਾ, ਖੁੰਡੇ ਹਲਾਲ, ਚਿਬੜਾਂ ਵਾਲੀ, ਗੰਦੜ, ਭਾਗਸਰ, ਮਦਰਸਾ, ਰਾਮਗੜ੍ਹਚੂੰਗਾ, ਅਕਾਲਗੜ੍ਹ ਫੱਤਣਵਾਲਾ ਆਦਿ ਵਿੱਚ ਮੋਟਰਸਾਈਕਲ ਮਾਰਚ ਕਰਕੇ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ।
ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਤਰਸੇਮ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਜਸਵਿੰਦਰ ਸਿੰਘ ਸੰਗੂਧੌਣ, ਕਰਮਜੀਤ ਕੌਰ ਲੱਕੜ ਵਾਲਾ ਨੇ ਕਿਹਾ ਕਿ ਹੜ੍ਹਾਂ ਦੀ ਸਿੱਧੀ ਮਾਰ ਹੇਠ ਆਏ ਲੋਕਾਂ ਦਾ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਮਜ਼ਦੂਰ ਵਰਗ ਦੇ ਲੋਕਾਂ ਦੇ ਪੂਰੇ ਪੰਜਾਬ ਅੰਦਰ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਜਥੇਬੰਦੀਆਂ ਦੇ ਸੰਘਰਸ਼ ਕਰਨ ਤੋਂ ਬਾਅਦ ਬੇਸ਼ੱਕ ਸਰਕਾਰ ਨੇ ਢਹਿ ਗਏ ਘਰਾਂ ਅਤੇ ਨੁਕਸਾਨੇ ਘਰਾਂ ਲਈ ਕੁਝ ਮੁਆਵਜ਼ਾ ਰਾਸ਼ੀ ਐਲਾਨੀ ਹੈ ਜੋ ਨੁਕਸਾਨ ਦੇ ਮੱਦੇਨਜ਼ਰ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸਾਂਝਾ ਮਜ਼ਦੂਰ ਮੋਰਚਾ ਮੰਗ ਕਰਦਾ ਹੈ ਕਿ ਹੜ੍ਹਾਂ-ਬਾਰਸ਼ਾਂ ਨਾਲ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ਰੁਪਏ, ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ, ਹੜਾਂ ਚ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 25 ਲੱਖ ਰੁਪਏ ਅਤੇ ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਦੀ ਭਰਪਾਈ ਲਈ ਪ੍ਰਤੀ ਪਰਿਵਾਰ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਮਜਦੂਰ ਆਗੂਆਂ ਨੇ ਆਖਿਆ ਕਿ ਜੇ ਸਰਕਾਰ ਨੇ ਮਜ਼ਦੂਰਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਂਝੇ ਮੋਰਚੇ ਵੱਲੋਂ ਵਿਸ਼ਾਲ ਲਾਮਬੰਦੀ ਕਰਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਕੌਰ, ਅਕਾਸ਼ਦੀਪ ਲੱਕੜ ਵਾਲਾ, ਸੁਰਜੀਤ ਸਿੰਘ ਚਿੱਬੜਾਂ ਵਾਲੀ, ਸੱਤਪਾਲ ਸਿੰਘ ਖੁੰਡੇ ਹਲਾਲ, ਗੁਰਕਿਰਸਨ ਸਿੰਘ ਮੁਕਤਸਰ ਆਦਿ ਸ਼ਾਮਲ ਸਨ।