ਹੜ੍ਹਾਂ ਦੀ ਮਾਰ: ਪਾਣੀ ਤੇ ਮੁਸੀਬਤਾਂ ’ਚ ਘਿਰੇ ਸਰਹੱਦੀ ਲੋਕ
ਸਰਹੱਦੀ ਖੇਤਰ ’ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਜ਼ਿੰਦਗੀ ਕੱਟਣੀ ਔਖੀ ਹੋ ਗਈ ਹੈ। ਲੋਕ ਘਰ-ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਬੈਠੇ ਹਨ। ਉਨ੍ਹਾਂ ਦਾ ਸਾਰਾ ਕੁਝ ਪਾਣੀ ਵਿੱਚ ਰੁੜ੍ਹ ਗਿਆ ਹੈ। ਹੁਣ ਲੋਕਾਂ ਦੇ ਘਰ ਵੀ ਡਿੱਗਣੇ ਸ਼ੁਰੂ ਹੋ ਗਏ ਹਨ ਕਿਉਂਕਿ ਕਰੀਬ ਦੋ ਹਫ਼ਤੇ ਤੋਂ ਵੱਡੀ ਪੱਧਰ ’ਤੇ ਪਿੰਡ ਪਾਣੀ ਵਿੱਚ ਘਿਰੇ ਹੋਏ ਹਨ। ਪੰਜਾਬ ਦੇ ਆਖ਼ਰੀ ਸਰਹੱਦੀ ਪਿੰਡ ਚੱਕ ਖੀਵਾ ਦਾ ਨੌਜਵਾਨ ਪ੍ਰਗਟ ਸਿੰਘ ਕਹਿੰਦਾ ਹੈ ਕਿ ਉਹ ਇਸ ਵਾਰੀ ਗ਼ਲਤੀ ਕਰ ਬੈਠੇ ਹਨ ਵੋਟਾਂ ਪਾ ਕੇ। ਉਹ ਬਦਲਾਅ ਦਾ ਭੁਲੇਖਾ ਖਾ ਗਏ ਕਿ ਸ਼ਾਇਦ ਉਨ੍ਹਾਂ ਦੀਆਂ ਮੁਸੀਬਤਾਂ ਮੁੱਕ ਜਾਣਗੀਆਂ, ਪ੍ਰੰਤੂ ਅੱਜ ਔਖੀ ਘੜੀ ’ਚ ਉਨ੍ਹਾਂ ਦੇ ਹੱਕ ’ਚ ਕੋਈ ਨਹੀਂ ਬਹੁੜਿਆ। ਉਨ੍ਹਾਂ ਕਿਹਾ ਕਿ ਅੱਠ ਪਸ਼ੂਆਂ ਲਈ ਇੱਕ ਗੱਟਾ ਫੀਡ ਦਾ ਦੇ ਕੇ ਅਹਿਸਾਨ ਕਰਦੇ ਨੇ ਰਾਜਸੀ ਲੋਕ। ਪਿੰਡ ਦੀਆਂ ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਜਵਾਨ ਹਨ ਤੇ ਉਨ੍ਹਾਂ ਨੂੰ ਲੂਣ ਮਿਰਚ ਦੇ ਕੇ ਮੁਥਾਜ ਬਣਾਇਆ ਜਾ ਰਿਹਾ ਹੈ ਜਦਕਿ ਉਨ੍ਹਾਂ ਨੂੰ ਨੌਕਰੀ ਦੀ ਲੋੜ ਹੈ। ਸਰਹੱਦੀ ਪਿੰਡ ਢਾਣੀ ਬਚਨ ਸਿੰਘ ਦਾ ਮਜ਼ਦੂਰ ਬਗੀਚਾ ਸਿੰਘ ਅੱਜ ਵੀ 2023 ‘ਚ ਆਏ ਹੜ੍ਹਾਂ ਕਾਰਨ ਡਿੱਗੇ ਮਕਾਨ ਨੂੰ ਉਸਾਰ ਨਹੀਂ ਸਕਿਆ ਤਾਂ ਉਪਰੋਂ ਹੁਣ ਆਏ ਹੜ੍ਹ ਨੇ ਮਾਰ ਪਾ ਦਿੱਤੀ ਹੈ। ਸੱਤਲੁਜ ਦਰਿਆ ਦੇ ਪਾਰਲੇ ਪਿੰਡ ਤੇਜਾ ਰੁਹੇਲਾ ਦਾ ਸੰਦੀਪ ਸਿੰਘ ਆਪਣੇ ਪਰਿਵਾਰ ਵਿੱਚ ਇਕੱਲਾ ਪਸ਼ੂਆਂ ਦੀ ਦੇਖਭਾਲ ਕਰ ਰਿਹਾ ਹੈ, ਉਸ ਦਾ ਸਾਰਾ ਪਰਿਵਾਰ ਰਿਸ਼ਤੇਦਾਰਾਂ ਤੇ ਸੁਰੱਖਿਤ ਥਾਵਾਂ ’ਤੇ ਪਹੁੰਚ ਚੁੱਕਿਆ ਹੈ। ਉਸਦਾ ਕਹਿਣਾ ਹੈ ਕਿ ਹੁਣ ਡੰਗਰਾਂ ਲਈ ਚਾਰਾ ਵੀ ਖ਼ਤਮ ਹੋਣ ਨੂੰ ਚੱਲਿਆ ਹੈ। ਪ੍ਰਸ਼ਾਸਨ ਨੂੰ ਉਨ੍ਹਾਂ ਤੱਕ ਹਰ ਹਾਲਤ ਵਿੱਚ ਪਸ਼ੂਆਂ ਲਈ ਚਾਰਾ ਪੁੱਜਦਾ ਕਰਨਾ ਚਾਹੀਦਾ ਹੈ। ਪਿੰਡ ਦੋਨਾ ਨਾਨਕਾ ਦੇ ਦਲਜੀਤ ਸਿੰਘ ਨੇ ਮੰਗ ਕੀਤੀ ਕਿ ਹਰ ਵਾਰ ਆਉਂਦੇ ਹੜ੍ਹਾਂ ਵਿੱਚ ਉਨ੍ਹਾਂ ਦੇ ਪਿੰਡ ਦੇ ਦਰਜਨਾਂ ਘਰ ਢਹਿ ਢੇਰੀ ਹੋ ਜਾਂਦੇ ਹਨ ਪ੍ਰੰਤੂ ਰਾਜਸੀ ਲੋਕ ਵੋਟਾਂ ਤੋਂ ਬਾਅਦ ਉਨ੍ਹਾਂ ਦੀ ਬਾਤ ਨਹੀਂ ਪੁੱਛਦੇ। ਪਿੰਡ ਚੱਕ ਖੀਵਾ ਦੇ ਸਰਪੰਚ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਕਰੀਬ 1800 ਏਕੜ ਰਕਬਾ ਹੈ ਅਤੇ ਕਰੀਬ 1600 ਤੋਂ 1700 ਦੇ ਕਰੀਬ ਫ਼ਸਲ ਡੁੱਬ ਕੇ ਤਬਾਹ ਹੋ ਚੁੱਕੀ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਫਸਲਾਂ ਲਈ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਖਾਦਾਂ ਬੀਜ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪਿੰਡ ਜੱਲਾ ਲਖੇਕੇ ਦੇ ਕਿਸਾਨ ਇੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਨਾਂ ਦੀ ਜ਼ਮੀਨ ਰਜਿਸਟਰੀ ਵਾਲੀ ਮਾਲਕੀ ਹੈ, ਪ੍ਰੰਤੂ 2023 ਦਾ ਅਜੇ ਤੱਕ ਉਨ੍ਹਾਂ ਨੂੰ ਮੁਆਵਜ਼ਾ ਤੱਕ ਨਹੀਂ ਮਿਲਿਆ। ਪੰਜ ਕਿੱਲੇ ਤਬਾਹ ਹੋ ਚੁੱਕੀ ਫਸਲ ਨੂੰ ਦੇਖਦਿਆਂ ਅੱਖਾਂ ਵਿੱਚ ਹੰਜੂ ਲਏ ਕਰਨੈਲ ਸਿੰਘ ਕਹਿੰਦਾ ਹੈ ਕਿ ਉਨ੍ਹਾਂ ਦੀ ਪੁੱਤਰਾਂ ਤਰਾਂ ਪਾਲੀ ਫਸਲ ਹੁਣ ਬਿਲਕੁਲ ਤਬਾਹ ਹੋ ਚੁੱਕੀ ਹੈ।
ਪਿੰਡ ਆਲੇ ਵਾਲਾ ’ਚ 5-6 ਫੁੱਟ ਪਾਣੀ਼
ਫਿਰੋਜ਼ਪੁਰ/ਮੱਲਾਂਵਾਲਾ (ਜਸਪਾਲ ਸਿੰਘ ਸੰਧੂ): ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮੱਲਾਂਵਾਲਾ ਨੇੜੇ ਸਤਲੁਜ ਦਰਿਆ ਦੇ ਕੰਢੇ ਵਸਿਆ ਪਿੰਡ ਆਲੇ ਵਾਲਾ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿੱਚ ਆ ਚੁੱਕਿਆ ਹੈ। ਇਸ ਪਿੰਡ ਦੇ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਪਿੰਡ ਆਲੇ ਵਾਲਾ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਬਾਅਦ ਅੱਜ ਉਹ ਜਦੋਂ ਆਪਣੇ ਘਰ ਗੇੜਾ ਮਾਰਨ ਗਏ ਤਾਂ ਦੇਖਿਆ ਕਿ ਲਗਾਤਾਰ ਪਾਣੀ ਖੜ੍ਹੇ ਰਹਿਣ ਕਾਰਨ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ ਅਤੇ ਮਕਾਨ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਕਮਰਿਆਂ ਵਿੱਚ ਪਿਆ ਹੋਇਆ ਸਾਮਾਨ ਵੀ ਖ਼ਰਾਬ ਹੋ ਰਿਹਾ ਹੈ। ਹੜ੍ਹ ਵਾਲੇ ਖੇਤਰ ਵਿੱਚ ਦੇਖਿਆ ਤਾਂ ਕਈ ਕਿਸਾਨ 5-6 ਫੁੱਟ ਡੂੰਘੇ ਪਾਣੀ ਵਿੱਚੋਂ ਆਪਣੇ ਪਸ਼ੂ ਕੱਢ ਕੇ ਬਾਹਰ ਸੁਰੱਖਿਅਤ ਥਾਵਾਂ ’ਤੇ ਲਿਆ ਰਹੇ ਸਨ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਆਦਮੀ ਤਾਂ ਔਖਾ-ਸੌਖਾ ਟਾਈਮ ਲੰਘਾ ਲੈਂਦਾ ਹੈ ਪਰ ਬੇਜ਼ੁਬਾਨ ਪਸ਼ੂਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ। ਕਿਸਾਨ ਜਰਨੈਲ ਸਿੰਘ ਨੇ ਅੱਗੇ ਦੱਸਿਆ ਕਿ ਹੜ੍ਹ ਦੇ ਪਾਣੀ ਵਿੱਚ ਕਈ ਤਰ੍ਹਾਂ ਦੇ ਮਰੇ ਹੋਏ ਜਾਨਵਰ ਅਤੇ ਪਸ਼ੂ ਆ ਰਹੇ ਹਨ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਕਈ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਉਨ੍ਹਾਂ ਦੇ ਘਰਾਂ ਤੇ ਖੇਤਾਂ ਵਿੱਚ ਪਾਣੀ ਆਉਣ ਨਾਲ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੱਕ ਖੀਵਾ ਵਾਸੀਆਂ ਨੂੰ ਮਿਲੀ ਨਵੀਂ ਬੇੜੀ
ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਚੱਕ ਖੀਵਾ ਦੇ ਵਾਸੀਆਂ ਨੂੰ ਅੱਜ ਨਵੀਂ ਬੇੜੀ ਮਿਲ ਗਈ ਹੈ। ਕੱਲ੍ਹ ਲੋਕਾਂ ਨੇ ਆਖਿਆ ਸੀ ਕਿ ਉਹ ਟੁੱਟੀ ਬੇੜੀ ਨਾਲ ਕੰਮ ਚਲਾ ਰਹੇ ਹਨ ਤੇ ਬੇੜੀ ਡੁੱਬਣ ਕਾਰਨ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਉਹ ਬੇੜੀ ਡੁੱਬਣ ਲੱਗੀ ਸੀ ਜਿਸ ਨੂੰ ਮਸਾਂ ਬਚਾਇਆ ਸੀ। ਇਸ ਸਬੰਧੀ ਅੱਜ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਇਸ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐੱਸਡੀਐੱਮ ਕੰਵਰਜੀਤ ਮਾਨ ਵੱਲੋਂ ਖੁਦ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਪਿੰਡ ਚੱਕ ਖੀਵਾ ਨੂੰ ਨਵੀਂ ਬੇੜੀ ਦਿੱਤੀ ਗਈ ਹੈ। ਨਵੀਂ ਬੇੜੀ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਰਾਜ ਸਿੰਘ, ਪਰਗਟ ਸਿੰਘ ਅਤੇ ਹੋਰਾਂ ਵੱਲੋਂ ਮੀਡੀਆ ਦਾ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਪਿੰਡ ਦੇ ਸਰਪੰਚ ਮੁਖਤਿਆਰ ਸਿੰਘ, ਪੰਚ ਬਲਵੰਤ ਸਿੰਘ, ਕੁਲਵਿੰਦਰ ਸਿੰਘ ਅਤੇ ਨੌਜਵਾਨ ਰਾਜ ਸਿੰਘ ਨੇ ਦੱਸਿਆ ਕਿ ਇਸ ਬੇੜੀ ਦੇ ਮਿਲਣ ਨਾਲ ਉਨ੍ਹਾਂ ਦੇ ਪਿੰਡ ਦੀਆਂ ਢਾਣੀਆਂ ਦੇ ਲੋਕ ਅਤੇ ਉਨ੍ਹਾਂ ਦਾ ਸਾਮਾਨ ਸੁਰੱਖਿਤ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀ ਲਗਾਤਾਰ ਵੱਧ ਰਿਹਾ ਤੇ ਇਸ ਬੇੜੀ ਰਾਹੀਂ ਲੋਕ ਆਪਣਾ ਸਾਮਾਨ ਸੁਰੱਖਿਅਤ ਥਾਂ ’ਤੇ ਲਿਜਾ ਸਕਣਗੇ।