ਹੜ੍ਹਾਂ ਦੀ ਮਾਰ: ਫ਼ਾਜ਼ਿਲਕਾ ਜ਼ਿਲ੍ਹੇ ਦੇ 36 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ
ਸਰਹੱਦੀ ਖੇਤਰ ’ਚ ਵਗਦੇ ਸਤਲੁਜ ਦੇ ਪਾਣੀ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਪਿੰਡਾਂ ਦੀ 25 ਹਜ਼ਾਰ ਤੋਂ ਵੱਧ ਆਬਾਦੀ ਹੜ੍ਹ ਦੀ ਮਾਰ ਹੇਠ ਹੈ। ਜ਼ਿਲ੍ਹੇ ਵਿੱਚ ਕੁੱਲ 30 ਬਣਾਏ ਗਏ ਰਾਹਤ ਕੈਂਪਾਂ ’ਚੋਂ ਫਿਲਹਾਲ 14 ਕੈਂਪ ਚੱਲ ਰਹੇ ਹਨ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸੰਭਵ ਮਦਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਅੱਜ ਵੀ ਸਰਦੀ ਖੇਤਰ ਦੇ ਲੋਕ ਕਈ ਸਹੂਲਤਾਂ ਤੋਂ ਵਾਂਝੇ ਹਨ। ਇਸੇ ਕਾਰਨ ਸਰਹੱਦੀ ਖੇਤਰ ਦੇ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਇੱਕ ਬਜ਼ੁਰਗ ਦਲੀਪ ਸਿੰਘ ਨੇ ਸਰਕਾਰ ਦੇ ਮਾੜੇ ਪ੍ਰਬੰਧਾਂ ਤੋਂ ਅੱਕ ਕੇ ਸਤਲੁਜ ਦਰਿਆ ਵਿੱਚ ਛਾਲ ਮਾਰ ਦਿੱਤੀ ਅਤੇ ਕੋਲ ਖੜ੍ਹੀ ਐੱਨਡੀਆਰਐੱਫ ਦੀ ਟੀਮ ਨੇ ਬੜੀ ਮੁਸ਼ਕਲ ਨਾਲ ਬਜ਼ੁਰਗ ਨੂੰ ਬਚਾਇਆ।
ਬਜ਼ੁਰਗ ਦਲੀਪ ਸਿੰਘ ਨੇ ਦੱਸਿਆ ਉਸ ਦਾ ਪੂਰਾ ਪਰਿਵਾਰ ਅਤੇ ਪਸ਼ੂ ਹੜ੍ਹ ਦੀ ਮਾਰ ਹੇਠ ਹਨ। ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਦਵਾਈ ਲੈਣ ਲਈ ਬੰਨ੍ਹ ’ਤੇ ਆਇਆ ਸੀ ਅਤੇ ਵਾਪਸ ਜਾਣ ਲਈ ਲੰਬੇ ਸਮੇਂ ਤੋਂ ਬੇੜੀ ਲਈ ਮਿਨਤਾਂ ਕਰਦਾ ਰਿਹਾ ਪਰ ਉਸ ਦੀ ਕਿਸੇ ਨਾ ਸੁਣੀ। ਉਸ ਨੂੰ ਪ੍ਰਸ਼ਾਸਨ ਦੇ ਮਾੜੇ ਵਤੇਰੇ ਤੋਂ ਤੰਗ ਆ ਕੇ ਇਹ ਕਦਮ ਚੁੱਕਣਾ ਪਿਆ ਹੈ। ਬਾਅਦ ਵਿੱਚ ਬਜ਼ੁਰਗ ਨੂੰ ਸਮਝਾ ਕੇ ਬੇੜੀ ਰਾਹੀਂ ਘਰ ਵਾਪਸ ਭੇਜਿਆ ਗਿਆ।
ਪਿੰਡ ਤੇ ਜਰਹੇਲਾ ਦੇ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਹਰਵਾਲ ਹੜ੍ਹ ਦੀ ਮਾਰ ਵਿੱਚ ਆ ਜਾਂਦਾ ਹੈ। ਪ੍ਰੰਤੂ ਡੁੱਬਣ ਅਤੇ ਉਜੜਨ ਤੋਂ ਬਾਅਦ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਪਿੰਡ ਦੋਨਾ ਨਾਨਕਾ ਦੇ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਹਰ ਪਾਰਟੀ ਵੱਲੋਂ ਵਾਅਦਾ ਕੀਤਾ ਜਾਂਦਾ ਹੈ ਕਿ ਸਰਹੱਦੀ ਲੋਕਾਂ ਦੀਆਂ ਮੁਸੀਬਤਾਂ ਦਾ ਪੱਕਾ ਹੱਲ ਕੀਤਾ ਜਾਵੇਗਾ ਪਰ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ।
ਦੇਹਰਾਦੂਨ ਤੋਂ ਆਏ ਰਾਸ਼ਨ ਲੈ ਕੇ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਉਨ੍ਹਾਂ ਲਈ ਰੋਲ ਮਾਡਲ ਹੈ। ਪੰਜਾਬ ਪੂਰੇ ਦੇਸ਼ ਨੂੰ ਅੰਨ ਦਿੰਦਾ ਹੈ ਤਾਂ ਫਿਰ ਉਹ ਪੰਜਾਬ ਨੂੰ ਬਚਾਉਣ ਲਈ ਕਿਉਂ ਪਿੱਛੇ ਹਟੀਏ। ਦੇਹਰਾਦੂਨ ਤੋਂ ਖਾਣ ਦਾ ਸਾਮਾਨ, ਗਰਮ ਕੱਪੜੇ, ਮੱਛਰ ਦਾਨੀਅਆਂ, ਤਰਪਾਲਾਂ, ਔਰਤਾਂ ਲਈ ਵਿਸ਼ੇਸ਼ ਸਾਮਾਨ ਅਤੇ ਦਵਾਈਆਂ ਲੈ ਕੇ ਆਈ ਮੇਗਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਜਦੋਂ ਦੇਖਿਆ ਕਿ ਪੰਜਾਬ ’ਤੇ ਭੀੜ ਪਈ ਹੈ ਤਾਂ ਉਨ੍ਹਾਂ ਦੀ ਡਿਊਟੀ ਬਣਦੀ ਹੈ ਕਿ ਉਹ ਔਖੀ ਘੜੀ ਵੇਲੇ ਪੰਜਾਬ ਦਾ ਸਾਥ ਦੇਣ। ਸਤਲੁਜ ਦਰਿਆ ਦੇ ਬੰਨ੍ਹ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ ਅਤੇ ਧਾਰਮਿਕ ਸਿੱਖ ਜਥੇਬੰਦੀਆਂ ਵੱਲੋਂ ਲੰਗਰ ਚਾਹ ਤੋਂ ਇਲਾਵਾ ਮੈਡੀਕਲ ਦੇ ਕੈਂਪ ਲਾਏ ਹੋਏ ਹਨ ਅਤੇ ਲਗਾਤਾਰ ਪੀੜਤ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਲੋਕ ਸਰਕਾਰ ਦੇ ਰਾਸ਼ਨ ਜਾਂ ਫਿਰ ਪਸ਼ੂਆਂ ਦਾ ਚਾਰਾ ਲੈਣ ਦੀ ਬਜਾਏ ਉਹ ਸਮਾਜ ਸੇਵੀ ਜਥੇਬੰਦੀਆਂ ਨੂੰ ਪਹਿਲ ਦੇ ਰਹੇ ਹਨ।
ਪੰਜਾਬ ਦੀ ਮਦਦ ਕਰਨ ਤੋਂ ਭੱਜੀ ਕੇਂਦਰ ਸਰਕਾਰ: ਸੌਂਦ
ਫਾਜ਼ਿਲਕਾ: ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅੱਜ ਹੜ੍ਹ ਪ੍ਰਭਾਵਿਤ ਖੇਤਰ ’ਚ ਸਰਕਾਰ ਆਪਣੇ ਪੱਧਰ ‘ਤੇ ਹਰ ਪ੍ਰਕਾਰ ਦੀ ਰਾਹਤ ਪਹੁੰਚਾ ਰਹੀ ਹੈ ਜਦਕਿ ਕੇਂਦਰ ਸਰਕਾਰ ਦਾ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਅਤੇ ਭਾਵੇਂ ਦੇਸ਼ ਦੇ ਅਨਾਜ ਭੰਡਾਰ ਭਰਨੇ ਹੋਣ, ਪੰਜਾਬ ਹਮੇਸ਼ਾ ਦੇਸ਼ ਲਈ ਅੱਗੇ ਹੋ ਕੇ ਖੜ੍ਹਦਾ ਹੈ, ਪਰ ਅੱਜ ਜਦ ਪੰਜਾਬ ਨੂੰ ਲੋੜ ਪਈ ਤਾਂ ਕੇਂਦਰ ਸਰਕਾਰ ਪੰਜਾਬ ਦੀ ਮਦਦ ਕਰਨ ਤੋਂ ਪੱਲਾ ਝਾੜ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 6185 ਪਰਿਵਾਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਆਖਿਆ ਕਿ ਰਾਹਤ ਕਾਰਜਾਂ ਵਿੱਚ ਐੱਨਡੀਆਰਐੱਫ ਦੀਆਂ ਚਾਰ, ਆਰਮੀ ਦੀਆਂ ਦੋ ਅਤੇ ਬੀਐੱਸਐੱਫ ਦੀ ਇੱਕ ਟੀਮ ਕਾਰਜਸ਼ੀਲ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹੇ ਵਿੱਚ 38 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਇਸ ਤੋਂ ਇਲਾਵਾ ਵੈਟਰਨਰੀ ਵਿਭਾਗ ਦੀਆਂ 28 ਟੀਮਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਸਰਕਾਰ ਸੜਕਾਂ ਨੂੰ ਮੁੜ ਠੀਕ ਕਰਨ ਲਈ ਪਹਿਲ ਦੇ ਆਧਾਰ ’ਤੇ ਕੰਮ ਕਰੇਗੀ। ਸਰਕਾਰੀ ਇਮਾਰਤਾਂ ਨੂੰ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 17 ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ ਅਤੇ 18486 ਏਕੜ ਫਸਲਾਂ ਇਸ ਨਾਲ ਪ੍ਰਭਾਵਿਤ ਹੋਈਆਂ ਹਨ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸਐੱਸਪੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮਨਦੀਪ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਤੇ ਐੱਸਡੀਐੱਮ ਵੀਰ ਪਾਲ ਕੌਰ ਹਾਜ਼ਰ ਸਨ।
ਪੀੜਤ ਕਿਸਾਨਾਂ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗੀ
ਫਿਰੋਜ਼ਪੁਰ/ਮੱਲਾਂਵਾਲਾ (ਜਸਪਾਲ ਸਿੰਘ ਸੰਧੂ): ਸਤਲੁਜ ਦਰਿਆ ਦੇ ਪਾਣੀ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਬਹੁਤ ਸਾਰੇ ਪਿੰਡਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਪਾਣੀ ਨਾਲ ਇਲਾਕੇ ਦੀਆਂ ਫਸਲਾਂ ਤੋਂ ਇਲਾਵਾ ਹਰਾ ਚਾਰਾ ਤੇ ਸਬਜ਼ੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਹੈ। ਮੱਲਾਂਵਾਲਾ ਦੇ ਨੇੜਲੇ ਪਿੰਡ ਮਾਸ਼ੀਏ ਕੇ ਦੇ ਬਾਹਰ ਢਾਣੀਆਂ ਤੇ ਬੈਠੇ ਹੋਏ ਸੋਹਣ ਸਿੰਘ, ਜੱਗਾ ਸਿੰਘ, ਬੂਟਾ ਸਿੰਘ, ਬੁੱਧੂ ਸਿੰਘ, ਬਾਜ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਕਾਬਲ ਸਿੰਘ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਸਤਨਾਮ ਸਿੰਘ ਅਤੇ ਬੋਹੜ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਘਰਾਂ ਵਿੱਚ ਪਾਣੀ ਭਰਿਆ ਹੋਣ ਕਾਰਨ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਮਕਾਨਾਂ ਦੀ ਹਾਲਤ ਵੀ ਖਸਤਾ ਹੋ ਰਹੀ ਹੈ। ਉਕਤ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਝੋਨੇ ਦੀ ਫਸਲ ਤਾਂ ਮਰ ਹੀ ਗਈ ਹੈ ਅਤੇ ਕਣਕ ਦੀ ਫਸਲ ਵੀ ਬੀਜੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਉਕਤ ਕਿਸਾਨਾਂ ਨੇ ਕਿਹਾ ਕਿ ਰਾਸ਼ਨ ਸਪਲਾਈ ਕਰਨ ਵਾਲੀਆਂ ਕਿਸ਼ਤੀਆਂ ਅਤੇ ਮੋਟਰ ਬੋਟ ਵਾਲੇ ਸੇਵਾਦਾਰ ਸਾਡੀਆਂ ਢਾਣੀਆਂ ਵੱਲ ਕੋਈ ਬਹੁਤਾ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਸਾਨੂੰ ਰਾਹਤ ਸਮੱਗਰੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਕਿਸਾਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਹੁਣ ਸਿਰਫ ਪਸ਼ੂਆਂ ਦਾ ਚਾਰਾ ਹੀ ਲਿਆਂਦਾ ਜਾਵੇ ਜਦਕਿ ਪਾਣੀ ਦੀ ਸਮੱਸਿਆ ਦੂਰ ਹੋਣ ਤੋਂ ਬਾਅਦ ਸਾਨੂੰ ਜ਼ਮੀਨਾਂ ਨੂੰ ਉਪਜਾਊ ਬਣਾਉਣ ਵਾਸਤੇ ਡੀਜ਼ਲ, ਖਾਦਾਂ, ਬੀਜ ਆਦਿ ਦੀ ਵੱਡੀ ਲੋੜ ਪਵੇਗੀ ਅਤੇ ਸੰਗਤਾਂ ਉਦੋਂ ਸਾਨੂੰ ਇਹ ਚੀਜ਼ਾਂ ਮੁਹੱਈਆ ਕਰਵਾਉਣ।