ਹੜ੍ਹ ਪੀੜਤਾਂ ਨੂੰ ਦੀਵਾਲੀ ਤੋਂ ਪਹਿਲਾਂ ਮਿਲੇਗਾ ਮੁਆਵਜ਼ਾ: ਅਰੁਣ ਨਾਰੰਗ
ਕੇਂਦਰੀ ਮੰਤਰੀਆਂ ’ਤੇ ਮਦਦ ਕਰਨ ਦੀ ਬਜਾਏ ਮਹਿਜ਼ ਤਸਵੀਰਾਂ ਖਿੱਚਵਾਉਣ ਦੇ ਦੋਸ਼
ਪੰਜਾਬ ਦੇ ਹੜ੍ਹ ਪੀੜਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਮੁਆਵਜ਼ਾ ਜਾਰੀ ਹੋਣ ਵਿੱਚ ਸਾਲਾਂ ਲੱਗ ਜਾਂਦੇ ਸਨ ਪਰ ਮਾਨ ਸਰਕਾਰ ਨੇ ਕੁਝ ਹੀ ਦਿਨਾਂ ਵਿੱਚ ਸਰਵੇ ਕਰਵਾ ਕੇ ਤੁਰੰਤ ਮੁਆਵਜ਼ਾ ਜਾਰੀ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ 26 ਤੋਂ 33 ਫੀਸਦੀ ਫ਼ਸਲੀ ਨੁਕਸਾਨ ’ਤੇ ਸਿਰਫ਼ 2000 ਰੁਪਏ ਮਿਲਦੇ ਸਨ, ਹੁਣ ਉਸ ਨੂੰ ਵਧਾ ਕੇ 10 ਹਜ਼ਾਰ ਕਰ ਦਿੱਤਾ ਗਿਆ ਹੈ। 33 ਤੋਂ 75 ਫੀਸਦੀ ਨੁਕਸਾਨ ਲਈ ਵੀ 10 ਹਜ਼ਾਰ ਰੁਪਏ ਦਿੱਤੇ ਜਾਣਗੇ ਜਦਕਿ 75 ਤੋਂ 100 ਫੀਸਦੀ ਨੁਕਸਾਨ ਲਈ 20 ਹਜ਼ਾਰ ਰੁਪਏ ਮੁਆਵਜ਼ਾ ਮਿਲੇਗਾ। ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਨਾਰੰਗ ਨੇ ਸੰਦੀਪ ਜਾਖੜ ਦੇ ਦਾਅਵਿਆਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਹ ਖ਼ੁਦ ਐੱਸ ਡੀ ਐੱਮ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਵਿਸ਼ੇਸ਼ ਗਿਰਦਾਵਰੀ ਵੀ ਕਰਵਾ ਚੁੱਕੇ ਹਨ। ਬਾਗਾਂ ਵਿੱਚੋਂ ਪਾਣੀ ਨਿਕਲਣ ਤੋਂ ਬਾਅਦ ਉਨ੍ਹਾਂ ਦੀ ਗਿਰਦਾਵਰੀ ਵੀ ਹੋਵੇਗੀ। ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਨਾਰੰਗ ਨੇ ਕਿਹਾ ਕਿ ਕੇਂਦਰੀ ਮੰਤਰੀ ਸਿਰਫ਼ ਫੋਟੋ ਖਿਚਵਾ ਕੇ ਚਲੇ ਗਏ, ਜਦਕਿ ਆਪ ਦੇ ਮੰਤਰੀ, ਵਿਧਾਇਕ ਤੇ ਵਰਕਰ ਲੋਕਾਂ ਦੇ ਘਰਾਂ ਤੱਕ ਮਦਦ ਲਈ ਪਹੁੰਚੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ 1600 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ ਤੇ ਪੰਜਾਬ ਦੇ ਕਰੀਬ 20 ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਲਈ ਰਾਹਤ ਫੰਡ ਦਿੱਤਾ ਜਾਵੇ।