ਘੱਗਰ ਨੇੜਲੇ ਪਿੰਡਾਂ ’ਚ ਹੜ੍ਹ ਦਾ ਖ਼ਤਰਾ ਬਰਕਰਾਰ
ਮਾਨਸਾ ਜ਼ਿਲ੍ਹੇ ’ਚੋਂ ਲੰਘਦੇ ਘੱਗਰ ਦੇ ਪਾਣੀ ਦਾ ਵਹਾਅ 20 ਫੁੱਟ ’ਤੇ ਰੁਕਿਆ ਹੋਇਆ ਹੈ। ਪਿਛਲੇ ਪੰਜ ਦਿਨਾਂ ਵਿੱਚ ਘੱਗਰ ਦਾ ਪਾਣੀ ਭੋਰਾ ਵੀ ਨਹੀਂ ਘਟਿਆ। ਗੂਹਲਾ ਚੀਕਾ ਅਤੇ ਖਨੌਰੀ, ਚਾਂਦਪੁਰਾ ਬੰਨ੍ਹ ’ਤੇ ਨਾ ਪਾਣੀ ਘਟਿਆ ਹੈ ਅਤੇ ਨਾ ਹੀ ਵਧਿਆ ਹੈ, ਜਿਸ ਕਰਕੇ ਘੱਗਰ ਵਿੱਚ ਸ਼ਾਂਤ ਚੱਲ ਰਿਹਾ ਪਾਣੀ ਲੋਕਾਂ ਲਈ ਅਜੇ ਵੀ ਡਰ ਪੈਦਾ ਕਰ ਰਿਹਾ ਹੈ। ਭਾਵੇਂ ਆਉਂਦੇ ਦਿਨਾਂ ਵਿੱਚ ਘੱਗਰ ਦੇ ਪਾਣੀ ਦੇ ਚੜ੍ਹਾਅ ਹੋਣ ਦੀ ਆਸ ਘੱਟ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਹੌਲੀ ਅਤੇ ਘੱਟ ਮਾਤਰਾ ਵਿੱਚ ਹੇਠਾਂ ਉਤਰ ਰਿਹਾ ਹੈ, ਜਿਸ ਨੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਅਨੇਕਾਂ ਤਰ੍ਹਾਂ ਦੇ ਤੌਖ਼ਲੇ ਖੜ੍ਹੇ ਕਰ ਰੱਖੇ ਹਨ। ਇਸ ਪਾਣੀ ਦੇ ਨਾ ਘੱਟਣ ਨੂੰ ਲੈ ਕੇ ਲੋਕਾਂ ਵਿੱਚ ਡਰ ਜ਼ਰੂਰ ਹੈ।
ਜਾਣਕਾਰੀ ਅਨੁਸਾਰ 15 ਸਤੰਬਰ ਭਾਦੋਂ ਦੇ ਆਖ਼ੀਰ ਤੱਕ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਇੱਕ ਅੱਸੂ ਤੋਂ ਬਾਅਦ 16, 17 ਅਤੇ 18 ਸਤੰਬਰ ਨੂੰ ਮੀਂਹ ਦੱਸਿਆ ਗਿਆ ਹੈ। ਭਾਵੇਂ ਇਹ ਮੀਂਹ ਹੜ੍ਹ ਲਿਆਉਣ ਵਾਲਾ ਨਹੀਂ ਮੰਨਿਆ ਜਾ ਰਿਹਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਇੱਕ ਮੀਂਹ ਟਾਂਡੇ ਭੰਨ, ਹਨ੍ਹੇਰੀ-ਝੱਖੜ ਲੈਕੇ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਜ਼ਰੂਰ ਆਉਂਦਾ ਹੈ, ਜੋ ਮੌਨਸੂਨ ਨੂੰ ਧੱਕਾ ਮਾਰਕੇ ਵਾਪਸ ਮੋੜ ਦਿੰਦਾ ਹੈ ਅਤੇ ਇਸ ਤੋਂ ਬਾਅਦ ਮੌਨਸੂਨ ਵਾਪਸ ਪਰਤ ਜਾਂਦੀ ਹੈ।
ਘੱਗਰ ਸੰਘਰਸ਼ ਕਮੇਟੀ ਦੇ ਆਗੂ ਅਤੇ ਵਾਤਾਵਰਨ ਪ੍ਰੇਮੀ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਭਾਵੇਂ ਘੱਗਰ ਦੇ ਪਾਣੀ ਦਾ ਉਛਾਲ ਪਿਛਲੇ ਪੰਜ ਦਿਨਾਂ ਤੋਂ ਸਥਿਰ ਹੈ, ਪਰ ਹੁਣ ਉਸ ਤੋਂ ਕੋਈ ਵੱਡਾ ਖ਼ਤਰਾ ਨਹੀਂ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਹਨ੍ਹੇਰੀ ਝੱਖੜ ਵਾਲਾ ਮੀਂਹ ਫ਼ਸਲਾਂ ਦਾ ਨੁਕਸਾਨ ਜ਼ਰੂਰ ਕਰ ਸਕਦਾ ਹੈ, ਹੁਣ ਬੱਸ ਇਹੀ ਡਰ ਬਾਕੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਘੱਗਰ ਦਾ ਪਾਣੀ ਦਿਨ-ਵ-ਦਿਨ ਘੱਟਦਾ ਜਾਵੇਗਾ ਅਤੇ ਉਸ ਵਿੱਚ ਹੁਣ ਉਛਾਲ ਆਉਣਾ ਔਖਾ ਹੈ।
ਇਸੇ ਦੌਰਾਨ ਹਾਲ ਹੀ ਵਿੱਚ ਮਾਨਸਾ ਜ਼ਿਲ੍ਹੇ ’ਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਭੀਖੀ ਬਲਾਕ ਦੇ ਪਿੰਡ ਖੀਵਾ ਕਲਾਂ, ਹਮੀਰਗੜ੍ਹ, ਢੈਪਈ ਅਤੇ ਹੀਰੋ ਕਲਾਂ ਵਿੱਚ ਖੇਤੀਬਾੜੀ ਸਬੰਧੀ ਜੋ ਗੰਭੀਰ ਸਥਿਤੀ ਬਣ ਗਈ ਸੀ ਅਤੇ ਖੇਤਾਂ ਵਿੱਚ ਖੜ੍ਹੇ ਵਾਧੂ ਪਾਣੀ ਕਾਰਨ ਫਸਲਾਂ ਦਾ ਨੁਕਸਾਨ ਹੋਣ ਲੱਗਿਆ ਸੀ। ਸੰਕਟ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਤੁਰੰਤ ਕਾਰਵਾਈ ਕਰਦਿਆਂ ਇਫਕੋ ਦੇ ਚੇਅਰਮੈਨ ਦਲੀਪ ਸੰਘਾਨੀ ਨੂੰ ਪੂਰੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਮਦਦ ਲਈ ਅਪੀਲ ਕੀਤੀ। ਜਿੰਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਗ੍ਰਾਂਟ ਜਾਰੀ ਕਰਦਿਆਂ ਇਫਕੋ ਵੱਲੋਂ ਤੁਰੰਤ ਡੀਜ਼ਲ ਮੁਹੱਈਆ ਕਰਵਾਇਆ ਗਿਆ, ਜਿਸਦੀ ਵਰਤੋਂ ਕਰਕੇ ਖੇਤਾਂ ਵਿੱਚੋਂ ਵਾਧੂ ਪਾਣੀ ਕੱਢਿਆ ਜਾਣ ਲੱਗਿਆ ਹੈ। ਇਸ ਕਾਰਵਾਈ ਨਾਲ ਕਿਸਾਨਾਂ ਦੀਆਂ ਮਿਹਨਤ ਨਾਲ ਉੱਗਾਈਆਂ ਫ਼ਸਲਾਂ ਨੂੰ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕਿਆ ਹੈ।
ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਹੜ੍ਹਾਂ ਨੇ ਪੰਜਾਬ ਭਰ ਤੇ ਮਾਨਸਾ ਦੇ ਭੀਖੀ ਖੇਤਰ ’ਚ ਖੇਤੀ, ਫਸਲ ਦਾ ਵੱਡਾ ਨੁਕਸਾਨ ਕੀਤਾ ਹੈ, ਜਿਸ ਨਾਲ ਕਿਸਾਨ ਦਾ ਲੱਕ ਟੁੱਟ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਦੀ ਆਉਣ ਵਾਲੀ ਫਸਲ ਪ੍ਰਤੀ ਆਸ਼ਵੰਦ ਹੋ ਕੇ ਘਰ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਮੀਂਹ, ਪਾਣੀ ਦੀ ਭੇਟ ਚੜ੍ਹੀਆਂ ਫਸਲਾਂ ਨੇ ਉਸਦਾ ਗੁਜ਼ਾਰਾ ਤੇ ਭਵਿੱਖ ਸੰਕਟ ’ਚ ਪਾ ਦਿੱਤਾ ਹੈ। ਇਸ ਮੌਕੇ ਪੰਜਾਬ ਸਰਕਾਰ ਉਸ ਤੋਂ ਮੂੰਹ ਫੇਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਫਕੋ ਨੇ ਕਿਸਾਨ ਨਾਲ ਖੜ੍ਹ ਕੇ ਉਸ ਨੂੰ ਖੇਤੀ, ਫ਼ਸਲ ਬਚਾਉਣ ਲਈ ਇਕ ਉਪਰਾਲਾ ਕੀਤਾ ਹੈ ਤੇ ਭਵਿੱਖ ’ਚ ਉਹ ਕਿਸਾਨਾਂ ਦੀ ਸਹਿਯੋਗੀ ਬਣਕੇ ਰਹੇਗੀ।
ਸਿਰਸਾ ਨੇੜੇ ਘੱਗਰ ’ਚ ਪਾਣੀ ਮਾਮੂਲੀ ਘਟਿਆ
ਸਿਰਸਾ (ਪ੍ਰਭੂ ਦਿਆਲ): ਘੱਗਰ ਦੇ ਪਾਣੀ ਦੇ ਪੱਧਰ ਵਿੱਚ ਵੀ ਅੱਜ ਭਾਵੇਂ ਮਾਮੂਲੀ ਕਮੀ ਦਰਜ ਕੀਤੀ ਗਈ ਹੈ ਪਰ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਦਿਨੋਂ ਦਿਨ ਵੱਧ ਰਹੀਆਂ ਹਨ। ਹਿਸਾਰ ਘੱਗਰ ਡਰੇਨ ’ਚ ਪਿਛਲੇ ਦਿਨੀਂ ਪਏ ਪਾੜ ਕਾਰਨ ਜਿਥੇ ਸੈਂਕੜੇ ਕਿੱਲੇ ਫ਼ਸਲ ਨੁਕਸਾਨੀ ਗਈ ਹੈ ਉਥੇ ਹੀ ਦਰਜਨਾਂ ਢਾਣੀਆਂ ਤੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਕਈ ਦਿਨਾਂ ਤੋਂ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਗਿਆ ਹੈ ਤੇ ਕਈ ਲੋਕ ਚਮੜੀ ਦੇ ਰੋਗ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਘੱਗਰ ਦੇ ਪਾਣੀ ’ਚ ਅੱਜ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਦੁਪਹਿਰ 12 ਵਜੇ ਤੱਕ ਸਰਦੂਲਗੜ੍ਹ ਪੁਆਇੰਟ ’ਤੇ ਲਗਪਗ 33020 ਕਿਊਸਿਕ ਪਾਣੀ ਅਤੇ ਓਟੂ ਵੀਅਰ ਤੋਂ ਹੇਠਾਂ 22750 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿੰਚਾਈ ਵਿਭਾਗ ਦੀਆਂ ਟੀਮਾਂ 24 ਘੰਟੇ ਨਿਗਰਾਨੀ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਬੰਧਤ ਵਿਭਾਗਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿੰਜਾਈ ਵਿਭਾਗ ਦੀਆਂ ਟੀਮਾਂ ਬੰਨ੍ਹਾਂ ’ਤੇ ਲਗਾਤਾਰ ਗਸ਼ਤ ਕਰ ਰਹੀਆਂ ਹਨ ਅਤੇ ਪੂਰੀ ਤਰ੍ਹਾਂ ਚੌਕਸ ਹਨ। ਇਸ ਦੇ ਨਾਲ ਹੀ ਹਿਸਾਰ ਘੱਗਰ ਨਾਲੇ ਦੀ ਸਥਿਤੀ ’ਤੇ ਵੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਉਧਰ ਬੀਤੇ ਦਿਨੀਂ ਹਿਸਾਰ ਘੱਗਰ ਨਾਲਾ ਟੁੱਟਣ ਕਾਰਨ ਸੈਂਕੜੇ ਕਿੱਲੇ ਫ਼ਸਲ ਬਰਬਾਦ ਹੋ ਚੁੱਕੀ ਹੈ। ਦਰਜਨਾਂ ਢਾਣੀਆਂ ਤੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਤੁਰੰਤ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਹਿਸਾਰ ਘੱਗਰ ਨਾਲੇ ਦੇ ਟੁੱਟਣ ਨਾਲ ਸੈਂਕੜੇ ਕਿੱਲੇ ਫ਼ਸਲ ਬਰਾਬਾਦ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਾਣੀ ’ਚ ਘਿਰੀਆਂ ਦਰਜਨਾਂ ਢਾਣੀਆਂ ਦੇ ਲੋਕਾਂ ਨੂੰ ਬਿਮਾਰੀਆਂ ਦਾ ਖਦਸ਼ਾ ਪੈਦਾ ਹੋ ਗਿਆ ਹੈ। ਖੇਤਾਂ ਵਿੱਚ ਖੜ੍ਹਾ ਪਾਣੀ ਬਦਬੂ ਮਾਰਨ ਲੱਗ ਪਿਆ ਹੈ। ਖੜ੍ਹੇ ਪਾਣੀ ਚੋਂ ਲੰਘਣ ਵਾਲੇ ਕਈ ਲੋਕਾਂ ਨੂੰ ਚਮੜੀ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦਾ ਮੁਅਵਜ਼ਾ ਦਿੱਤਾ ਜਾਏ ਤਾਂ ਜੋ ਕਿਸਾਨ ਹਾੜ੍ਹੀ ਦੀ ਫ਼ਸਲ ਦੀ ਵੇਲੇ ਸਿਰ ਬਿਜਾਈ ਕਰ ਸਕਣ।