ਸਤਲੁਜ ਦਾ ਪਾਣੀ ਡਰੇਨ ’ਚ ਆਉਣ ਕਾਰਨ ਅੱਧੀ ਦਰਜਨ ਪਿੰਡਾਂ ’ਚ ਹੜ੍ਹ ਦਾ ਖ਼ਤਰਾ
ਨਹਿਰ ਦਾ ਵਾਧੂ ਪਾਣੀ ਦਰਿਆ ਸਤਲੁਜ ਵਿੱਚ ਪਾਉਣ ਲਈ ਬਣਾਈ ਗਈ ਡਰੇਨ ਸ਼ੇਰਪੁਰ ਤਾਇਬਾ-ਬੱਗੇ ਡਰੇਨ ਅੱਧੀ ਦਰਜਨ ਪਿੰਡਾਂ ਲਈ ਖ਼ਤਰਾ ਬਣੀ ਹੋਈ ਹੈ। ਸਤਲੁਜ ਦਾ ਪਾਣੀ ਵਾਪਸ ਡਰੇਨ ਵਿੱਚ ਆ ਕਾਰਨ ਉਕਤ ਪਿੰਡਾਂ ਵਿੱਚ ਵੀ ਹੜ੍ਹ ਆਉਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਲਗਪਗ ਇੱਕ ਹਜ਼ਾਰ ਏਕੜ ਦੇ ਕਰੀਬ ਇਨ੍ਹਾਂ ਪਿੰਡਾਂ ਦੀ ਝੋਨੇ ਦੀ ਫ਼ਸਲ ਵੀ ਨੁਕਸਾਨੀ ਜਾ ਸਕਦੀ ਹੈ। ਡਰੇਨੇਜ ਵਿਭਾਗ ਦੇ ਮੁਲਾਜ਼ਮ ਡਰੇਨ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ਕਰਨ ਲੱਗੇ ਹੋਏ ਹਨ। ਜਾਣਕਾਰੀ ਮੁਤਾਬਕ ਪਿੰਡ ਢੋਲੇਵਾਲਾ ਸਿੱਧਵਾਂ ਨਹਿਰ ਤੋਂ ਇੱਕ ਡਰੇਨ ਨਹਿਰ ਦੇ ਵਾਧੂ ਪਾਣੀ ਨੂੰ ਸਤਲੁਜ ਵਿੱਚ ਪਾਉਣ ਲਈ ਬਣੀ ਹੋਈ ਹੈ। ਇਹ ਡਰੇਨ ਸਿੱਧੇ ਰੂਪ ਵਿੱਚ ਦਰਿਆ ’ਚ ਉਤਾਰੀ ਹੋਈ ਹੈ। ਡਰੇਨ ਪਿੰਡ ਸ਼ੇਰਪੁਰ, ਬੱਗੇ, ਸੈਦ ਜਲਾਲਪੁਰ, ਬਸਤੀ ਚਿਰਾਗ ਸਿੰਘ, ਬਸਤੀ ਸੁੰਦਰ ਸਿੰਘ ਵਾਲੀ ਆਦਿ ਪਿੰਡਾਂ ਵਿੱਚ ਦੀ ਲੰਘਦੀ ਹੈ। ਸਤਲੁਜ ਵਿੱਚ ਬਣੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਦਰਿਆ ਦਾ ਬੇਕਾਬੂ ਪਾਣੀ ਇਸ ਡਰੇਨ ਵਿਚ ਪੈ ਕੇ ਨਹਿਰ ਵਿੱਚ ਪੈਣਾ ਸ਼ੁਰੂ ਹੋ ਗਿਆ ਹੈ। ਡਰੇਨ ਨੱਕੋ-ਨੱਕ ਭਰ ਗਈ ਹੈ ਅਤੇ ਇਸ ਦੇ ਕਿਨਾਰੇ ਟੁੱਟਣ ਲੱਗੇ ਹਨ। ਡਰੇਨ ਦੇ ਘੇਰੇ ਹੇਠ ਆਉਂਦੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦਰਿਆ ’ਚ ਪਾਣੀ ਵਧਣ ਕਾਰਨ ਸਿਕਸ ਆਰ ਨਹਿਰ ਨੂੰ ਵੀ ਨੁਕਸਾਨ ਦਾ ਖ਼ਤਰਾ ਹੈ। ਵਿਭਾਗ ਦੇ ਜੂਨੀਅਰ ਇੰਜੀਨਅਰ ਅਸ਼ੋਕ ਸਿਸੋਦੀਆ ਨੇ ਦੱਸਿਆ ਕਿ ਉਹ ਲੰਘੇ ਕੱਲ੍ਹ ਤੋਂ ਹੀ ਜੇਸੀਬੀ ਮਸ਼ੀਨ ਰਾਹੀਂ ਡਰੇਨ ਦੀਆਂ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕ ਵੀ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ।
ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਜ਼ਿਲ੍ਹਾ ਸੈਸ਼ਨ ਜੱਜ ਬਿਸ਼ਨ ਸਰੂਪ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਿਰਨ ਜੋਤੀ ਨੇ ਹਲਕੇ ਦੇ ਦਰਿਆ ਸਤਲੁਜ ਕਿਨਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਮੌਜੂਦਾ ਪ੍ਰਬੰਧਾਂ ਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਭਾਵਿਤ ਪਿੰਡ ਸੈਦ ਜਲਾਲ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਬਿਸ਼ਨ ਸਰੂਪ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੱਤਲੁਜ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਅਤ ਥਾਵਾਂ ਉੱਤੇ ਚਲੇ ਜਾਣ। ਕਿਰਨ ਜੋਤੀ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹ ਅੱਜ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਣ ਆਏ ਹਨ। ਉਨ੍ਹਾਂ ਦੱਸਿਆ ਕਿ ਜੁਡੀਸ਼ਲੀ ਫੰਡ ਤਹਿਤ ਪ੍ਰਭਾਵਿਤ ਲੋਕਾਂ ਦੀ ਮਾਲੀ ਸਹਾਇਤਾ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਜਾਇਜੇ ਦੀ ਰਿਪੋਰਟ ਤਿਆਰ ਕਰਕੇ ਮਾਨਯੋਗ ਹਾਈ ਕੋਰਟ ਨੂੰ ਭੇਜੀ ਜਾਵੇਗੀ।