ਬਿਜ਼ਨਸ ਬਲਾਸਟਰ ਤਹਿਤ ਪੰਜ ਟੀਮਾਂ ਨੇ ਲਿਆ ਹਿੱਸਾ
ਰਵਿੰਦਰ ਰਵੀ
ਬਰਨਾਲਾ, 8 ਜੁਲਾਈ
ਆਈਆਈਟੀ ਰੋਪੜ ਵਿੱਚ ਕਰਵਾਏ ਗਏ ਬਿਜ਼ਨਸ ਬਲਾਸਟਰ ਪ੍ਰੋਗਰਾਮ ’ਚ ਪ੍ਰਦਰਸ਼ਨੀ ਦੌਰਾਨ ਜ਼ਿਲ੍ਹੇ ਦੀਆਂ ਪੰਜ ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬਿਜ਼ਨਸ ਬਲਾਸਟਰ ਟੀਮਾਂ ਵੱਲੋਂ ਆਪਣੇ ਕਾਰੋਬਾਰੀ ਵਿਚਾਰ ਦਾ ਪ੍ਰਦਰਸ਼ਨ ਕੀਤਾ ਗਿਆ। ਉਦਯੋਗਪਤੀਆਂ ਵੱਲੋਂ ਬਿਜ਼ਨਸ ਬਲਾਸਟਰ ਟੀਮਾਂ ਦੀ ਅਗਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਲਈ ਖੁਸ਼ੀ ਵਾਲੀ ਗੱਲ ਹੈ ਕਿ 10 ਹਜ਼ਾਰ ਟੀਮਾਂ ਵਿੱਚੋਂ ਬਰਨਾਲਾ ਦੀਆਂ ਸਕੂਲ ਆਫ਼ ਐਮੀਨੈਂਸ ਭਦੌੜ ਦੀ ਗੁਲਕੰਦ ਮੇਕਿੰਗ, ਬੂਸਟਰ ਟੀ, ਪੇਂਟਿੰਗ ਟੀ, ਪੀਐੱਮ ਸ੍ਰੀ ਤਪਾ ਦੀ ਪਾਵਰ ਬੈਂਕ ਅਤੇ ਪੀਐੱਮ ਸ੍ਰੀ ਜੋਧਪੁਰ ਫਰੈਂਡਲੀ ਸੋਲਰ ਟੀਮ ਟੌਪ 50 ਟੀਮਾਂ ਦਾ ਹਿੱਸਾ ਬਣੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਿੱਖਿਆ ਦੇ ਨਾਲ-ਨਾਲ ਬੱਚਿਆਂ ਲਈ ਆਪਣਾ ਰੁਜ਼ਗਾਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਬਰਨਾਲਾ ਦੀ ਗੁਲਕੰਦ ਅਤੇ ਪਾਵਰਬੈਂਕ ਟੀਮ ਨੂੰ 25-25 ਹਜ਼ਾਰ ਰੁਪਏ ਦੀ ਸਟਾਰਟਅਪ ਰਾਸ਼ੀ ਜਿੱਤੀ। ਮੁੱਖ ਮਹਿਮਾਨਾਂ ਵੱਲੋਂ ਬਿਜ਼ਨਸ ਬਲਾਸਟਰ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਲਈ ਡੀਐੱਨਓ ਯਸ਼ਪਾਲ ਬਾਹੀਆ, ਬੀਐੱਨਓ ਮੰਜੂ, ਜਸਵੀਰ ਕੌਰ ਅਤੇ ਕਵਿਤਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ।