ਪਿੰਡ ਬੁਰਜ ਕਾਹਨ ਸਿੰਘ ਵਾਲਾ ਦੀ ਸੰਘਣੀ ਆਬਾਦੀ ਵਾਲੇ ਛੱਪੜ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਅਚਾਨਕ ਮੱਛੀਆਂ ਮਰ ਜਾਣ ਕਾਰਨ ਬਦਬੂ ਫੈਲ ਗਈ। ਇਸ ਕਾਰਨ ਪਿੰਡ ਵਾਸੀ ਬੇਹੱਦ ਪ੍ਰੇਸ਼ਾਨ ਹਨ। ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਬਰਸਾਤੀ ਮੌਸਮ ਹੋਣ ਕਾਰਨ ਪਿੰਡ ਵਿੱਚ ਬਿਮਾਰੀ ਫੈਲਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਇਸ ਘਟਨਾ ਸਬੰਧੀ ਪੰਚਾਇਤ ਸਕੱਤਰ ਪਰਮਜੀਤ ਸਿੰਘ ਅਤੇ ਸਿਹਤ ਵਿਭਾਗ ਦੇ ਬੁਲਾਰੇ ਰਾਜਵਿੰਦਰ ਸਿੰਘ ਰੰਗੀਲਾ ਨੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪਿੰਡ ਵਾਸੀਆਂ ਅਨੁਸਾਰ ਕੁੱਤੇ ਮਰੀਆਂ ਮੱਛੀਆਂ ਨੂੰ ਗਲੀਆਂ ਵਿੱਚ ਲੈ ਕੇ ਘੁੰਮ ਰਹੇ ਹਨ। ਇਸ ਨਾਲ ਘਰਾਂ ਅੱਗੇ ਗੰਦਗੀ ਫੈਲ ਰਹੀ ਹੈ।
ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਪੰਚਾਇਤ ਨੇ ਇਹ ਛੱਪੜ ਮੱਛੀ ਪਾਲਕਾਂ ਨੂੰ ਠੇਕੇ ’ਤੇ ਦਿੱਤਾ ਹੋਇਆ ਸੀ ਅਤੇ ਹੁਣ ਕਿਸੇ ਅਗਿਆਤ ਵਿਅਕਤੀ ਨੇ ਇਸ ਛੱਪੜ ਵਿੱਚ ਮੱਛੀਆਂ ਛੱਡੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਪਿੰਡ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਇਸ ਵਿੱਚ ਸੀਵਰੇਜ ਦਾ ਗੰਦਾ ਪਾਣੀ ਪੈ ਰਿਹਾ ਹੈ ਜਿਸ ਕਾਰਨ ਮੱਛੀਆਂ ਮਰੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਛੱਪੜ ਦੇ ਨਾਲ ਪਿੰਡ ਦਾ ਮੁੱਖ ਗੁਰਦੁਆਰਾ ਸਾਹਿਬ ਅਤੇ ਇੱਕ ਡੇਰਾ ਬਣਿਆ ਹੋਇਆ ਹੈ ਜਿੱਥੇ ਸ਼ਰਧਾਲੂਆਂ ਦਾ ਆਉਣ ਜਾਣ-ਜਾਣ ਰਹਿੰਦਾ ਹੈ। ਉਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਛੱਪੜ ਦੀ ਚੰਗੀ ਤਰਾਂ ਸਫਾਈ ਕਰਵਾਈ ਜਾਵੇ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ।
ਪੰਚਾਇਤ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਛੱਪੜ ਵਿੱਚੋਂ ਮਰੀਆਂ ਮੱਛੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।