ਗੋਲੀਬਾਰੀ: ਮਾੜੀ ਮੁਸਤਫ਼ਾ ’ਚ ਦੁਕਾਨਦਾਰਾਂ ਨੇ ਧਰਨਾ ਲਾਇਆ
ਫ਼ਿਰੌਤੀ ਲਈ ਮਹੀਨੇ ਅੰਦਰ ਪਿੰਡ ’ਚ ਤੀਜੀ ਵਾਰਦਾਤ ਕਾਰਨ ਕਾਰੋਬਾਰੀਆਂ ’ਚ ਦਹਿਸ਼ਤ
ਪਿੰਡ ਮਾੜੀ ਮੁਸਤਫ਼ਾ ਵਿੱਚ ਦੁਕਾਨ ਉੱਤੇ ਪੈਟਰੋਲ ਬੰਬ ਨਾਲ ਹਮਲੇ ਦੀ ਵਾਪਰੀ ਤਾਜ਼ਾ ਘਟਨਾ ਤੋਂ ਬਾਅਦ ਸੈਂਕੜੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ। ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਪਿੰਡ ਵਿਚ ਪੱਕੀ ਨਾਕਾਬੰਦੀ ਤੇ 24 ਘੰਟੇ ਗਸ਼ਤ ਦਾ ਭਰੋਸਾ ਦੇਣ ਮਗਰੋਂ ਦੁਕਾਨਦਾਰਾਂ ਨੇ ਧਰਨਾ ਖ਼ਤਮ ਕਰ ਦਿੱਤਾ। ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਕਸਬਾ ਨੁਮਾ ਪਿੰਡ ਮਾੜੀ ਮੁਸਤਫ਼ਾ ਦਹਿਤਗਰਦਾਂ ਦੇ ਨਿਸ਼ਾਨੇ ਉੱਤੇ ਹੈ। ਇਥੇ ਫ਼ਿਰੌਤੀ ਲਈ ਮਹੀਨੇ ’ਚ ਤੀਜੀ ਵਾਰਦਾਤ ਤੋਂ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੌਲ ਹੈ ਅਤੇ ਖੌਫ਼ਜ਼ਦਾ ਦੁਕਾਨਦਾਰਾਂ ਵੱਲੋਂ ਵਾਪਰੀ ਤਾਜ਼ਾ ਘਟਨਾ ਤੋਂ ਬਾਅਦ ਪਿੰਡ ਦੇ ਸੈਂਕੜੇ ਦੁਕਾਨਦਾਰਾਂ ਨੇ ਰਾਜ ਕੁਮਾਰ ਚੌਧਰੀ ਵਾਲਾ ਦੀ ਅਗਵਾਈ ਹੇਠ ਦੁਕਾਨਾਂ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਹਮਲਾਵਰਾਂ ਨੂੰ ਤੁਰੰਤ ਕਾਬੂ ਕਰਨ ਦੀ ਮੰਗ ਕਰਦਿਆਂ ਸਿਵਲ ਪ੍ਰਸ਼ਾਸਨ ਤੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਕਿਸੇ ਦੁਕਾਨਦਾਰ ਉੱਤੇ ਕੋਈ ਹਮਲਾ ਹੋਇਆ ਤਾਂ ਪ੍ਰਸ਼ਾਸਨ ਸਿੱਧਾ ਜ਼ਿੰਮੇਵਾਰ ਹੋਵੇਗਾ।
ਇਥੇ ਸ਼ਨਿੱਚਰਵਾਰ ਨੂੰ ਨਕਾਬਪੋਸ਼ ਦਹਿਸ਼ਤਗਰਦਾਂ ਵੱਲੋਂ ਟਾਇਰਾਂ ਦੀ ਦੁਕਾਨ ’ਤੇ ਪੈਟਰੋਲ ਬੰਬ ਸੁੱਟ ਦਿੱਤਾ ਗਿਆ ਸੀ। ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋਈ ਹੈ। ਇਸ ਤੋਂ ਪਹਿਲਾਂ ਦੋ ਦੁਕਾਨਦਾਰਾਂ ਉੱਤੇ ਫ਼ਿਰੌਤੀ ਲਈ ਗੋਲੀਆਂ ਨਾਲ ਹਮਲੇ ਹੋ ਚੁੱਕੇ ਹਨ। ਇਨ੍ਹਾਂ ਹਮਲਿਆਂ ਤੋਂ ਜਿਥੇ ਦੁਕਾਨਦਾਰ ਪਿੰਡ ਵਾਸੀ ਖੌਫ਼ਜਦਾ ਹਨ ਉਥੇ ਦਹਿਸ਼ਤ ਗਰਦਾਂ ਨੇ ਪੁਲੀਸ ਦੀ ਵੀ ਨੀਂਦ ਉਡਾ ਦਿੱਤੀ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਪਿਛਲੇ ਕੁਝ ਸਮੇਂ ਤੋ ਕਾਰੋਬਾਰੀ ਤੇ ਅਮੀਰ ਲੋਕਾਂ ਨੂੰ ਫੋਨ ਕਾਲ ਜ਼ਰੀਏ ਡਰਾ-ਧਮਕਾ ਕੇ ਫ਼ਿਰੌਤੀ ਮੰਗਣ ਅਤੇ ਫ਼ਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।

