ਮਾਲਵੇ ’ਚ ਦੂਜੇ ਦਿਨ ਵੀ ਅੱਗ ਨੇ ਢਾਹਿਆ ਕਹਿਰ
ਕਿਸਾਨਾਂ ਦੀ ਵੱਡੀ ਪੱਧਰ ’ਤੇ ਕਣਕ ਸੜੀ; ਅੱਗ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 20 ਅਪਰੈਲ
ਹਲਕਾ ਜ਼ੀਰਾ ਦੇ ਪਿੰਡ ਸਾਧੂ ਵਾਲਾ, ਧੰਨਾ ਸ਼ਹੀਦ, ਸੋਢੀਵਾਲਾ, ਸੇਖਵਾਂ, ਰਟੋਲ ਰੋਹੀ ਤੇ ਮਹੀਆਂ ਵਾਲਾ ਕਲਾਂ ਦੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਕਿਸਾਨਾਂ ਦੀ ਕਰੀਬ 30 ਕਿੱਲੇ ਕਣਕ ਅਤੇ 500 ਕਿੱਲੇ ਨਾੜ ਸੜ ਗਿਆ।
ਜਾਣਕਾਰੀ ਅਨੁਸਾਰ ਪਿੰਡ ਸਾਧੂ ਵਾਲਾ ਦੇ ਖੇਤ ਵਿੱਚ ਕਿਸੇ ਕਾਰਨ ਅੱਗ ਲੱਗ ਗਈ ਤੇ ਤੇਜ਼ ਹਵਾ ਨਾਲ ਅੱਗ ਚਾਰ-ਚੁਫੇਰੇ ਫੈਲ ਗਈ। ਇਸ ਦੌਰਾਨ ਪਿੰਡ ਸੋਢੀਵਾਲਾ ਦੇ ਅਕਾਸ਼ਦੀਪ ਸ਼ਰਮਾ ਦੀ 12 ਏਕੜ ਕਣਕ ਸਮੇਤ ਟਰੈਕਟਰ-ਟਰਾਲਾ ਸੜ ਗਏ ਅਤੇ ਗੁਰਮੁੱਖ ਸਿੰਘ ਵਾਸੀ ਸੋਢੀ ਵਾਲਾ ਦੀ ਡੇਢ ਏਕੜ ਕਣਕ ਸੜ ਗਈ। ਇਸ ਦੌਰਾਨ ਕਿਸਾਨਾਂ ਦੇ ਖੇਤਾਂ ਵਿੱਚ ਤੂੜੀ ਵਾਲੇ ਕੁੱਪ ਵੀ ਸੜ ਕੇ ਸਵਾਹ ਹੋ ਗਏ। ਇਸ ਦੌਰਾਨ ਸੋਢੀਵਾਲਾ ਤੋਂ ਪਿੰਡ ਧੰਨਾ ਸ਼ਹੀਦ ਵੱਲ ਜਾ ਰਹੇ ਦੋ ਮੋਟਰਸਾਈਕਲ ਸਵਾਰ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਪਹੁੰਚਾਇਆ ਗਿਆ। ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਸਮੇਤ ਪਿੰਡਾਂ ਦੇ ਲੋਕਾਂ ਨੇ ਟਰੈਕਟਰਾਂ, ਤਵੀਆਂ ਆਦਿ ਨਾਲ ਅੱਗ ਬੁਝਾਈ ਗਈ। ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਸੜਨ ਕਾਰਨ ਪਿੰਡਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਇਸ ਮੌਕੇ ਐੱਸਡੀਐੱਮ ਜ਼ੀਰਾ ਗੁਰਮੀਤ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਵਿਧਾਇਕ ਨਰੇਸ਼ ਕਟਾਰੀਆਂ ਨੇ ਇਨ੍ਹਾ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।