ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੁਲਾਈ
ਇੱਥੇ ਦੀ ਸੁੰਨੀ ਗਲੀ ਸਥਿਤ ਇਕ ਸੈਲੂਨ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦਾ ਸੈਲੂਨ ਮਾਲਕਾਂ ਨੂੰ ਸਵੇਰੇ ਦਿਨ ਚੜ੍ਹਨ ਵੇਲੇ ਪਤਾ ਲੱਗਾ। ਉਦੋਂ ਤੱਕ ਅੱਗ ਨੇ ਇਸ ਸੈਲੂਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਸ਼ਹਿਰ ਦੀ ਸੁੰਨੀ ਗਲੀ ਸਥਿਤ ਮਿਸਟਰ ਬੀਨ ਲੇਡੀਜ਼ ਅਤੇ ਜੈਂਟਸ ਦਾ ਸਾਂਝਾ ਸੈਲੂਨ ਚੱਲਦਾ ਸੀ। ਐਤਵਾਰ ਦੀ ਰਾਤ ਜਦੋਂ ਸੈਲੂਨ ਬੰਦ ਸੀ ਤਾਂ ਉਸ ਨੂੰ ਅੱਗ ਲੱਗ ਗਈ। ਸੈਲੂਨ ਮਾਲਕ ਜੱਸੀ ਨੇ ਦੱਸਿਆ ਕਿ ਜਦੋਂ ਸਵੇਰ ਸਮੇਂ ਉਨ੍ਹਾਂ ਆ ਕੇ ਦੇਖਿਆ ਤਾਂ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਸੀ। ਸ਼ਟਰ ਚੁੱਕਦੇ ਹੀ ਸੈਲੂਨ ਦਾ ਸਾਰਾ ਸਾਮਾਨ ਸੜਿਆ ਨਜ਼ਰ ਆਇਆ। ਉਨ੍ਹਾਂ ਦੱਸਿਆ ਕਿ ਸੈਲੂਨ ਦਾ ਇਕ ਪਾਸਾ ਅੱਗ ਦੀ ਲਪੇਟ ਵਿਚ ਆਉਣ ਕਰਕੇ ਉਥੇ ਪਏ ਪ੍ਰੋਡਕਟ, ਦੋ ਏ.ਸੀ, ਫੀਟਿੰਗ ਅਤੇ ਹੋਰ ਸਮਾਨ ਅੱਗ ਦੀ ਭੇਟ ਚੜ੍ਹ ਗਿਆ। ਇਸ ਅੱਗ ਨਾਲ ਉਨ੍ਹਾਂ ਦਾ ਕਰੀਬ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੈਲੂਨ ਤੋਂ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇਸ ਨੁਕਸਾਨ ਹੋਣ ਨਾਲ ਜਿੱਥੇ ਉਨ੍ਹਾਂ ਨੂੰ ਵੱਡੀ ਸੱਟ ਲੱਗੀ ਹੈ, ਉਥੇ ਕੰਮ ਸ਼ੁਰੂ ਕਰਨ ਨੂੰ ਮਹੀਨਿਆਂ ਬੱਧੀ ਲਗ ਜਾਣਗੇ ਤੇ ਮੁੜ ਤੋਂ ਕੰਮ ਸ਼ੁਰੂ ਕਰਨਾ ਔਖਾ ਹੋ ਜਾਵੇਗਾ। ਉਨ੍ਹਾਂ ਇਸ ਘਟਨਾ ਦੀ ਰਿਪੋਰਟ ਜ਼ਿਲਾ ਪ੍ਰਸ਼ਾਸ਼ਨ ਨੂੰ ਵੀ ਭੇਜੀ ਹੈ। ਜੱਸੀ ਨੇ ਮੰਗ ਕੀਤੀ ਹੈ ਕਿ ਇਸ ਨੁਕਸਾਨ ਨੂੰ ਦੇਖਦੇ ਹੋਏ ਸਰਕਾਰ ਅਤੇ ਪ੍ਰਸ਼ਾਸ਼ਨ ਉਨ੍ਹਾਂ ਦੀ ਮੱਦਦ ਅਤੇ ਸਹਿਯੋਗ ਕਰੇ।