ਸੰਗਤ ਮੰਡੀ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਰਿਕਾਰਡ ਰੂਮ ਨੂੰ ਅੱਗ ਲੱਗੀ
ਸੰਗਤ ਮੰਡੀ ਵਿੱਚ ਸਵੇਰੇ ਬੈਂਕ ਖੁੱਲ੍ਹਦੇ ਹੀ ਪੰਜਾਬ ਨੈਸ਼ਨਲ ਬੈਂਕ ਵਿੱਚ ਅੱਗ ਲੱਗ ਗਈ ਪ੍ਰੰਤੂ ਕਿਸੇ ਨੁਕਸਾਨ ਤੋਂ ਬਚਾਅ ਹੋ ਗਿਆ। ਸਵੇਰੇ ਸਵਾ 10 ਵਜੇ ਦੇ ਕਰੀਬ ਬੈਂਕ ਕਰਮਚਾਰੀਆਂ ਨੂੰ ਧੂੰਏ ਦੀ ਗੰਧ ਤੋਂ ਪਤਾ ਲੱਗਦੇ ਹੀ ਅੱਗ ਬੁਝਾਊ ਸਟੇਸ਼ਨ ਬਠਿੰਡਾ ਵਿੱਚ ਅਤੇ ਬੈਂਕ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਥਾਣਾ ਸੰਗਤ ਦੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਸਮਾਂ ਰਹਿੰਦੇ ਦੋ ਅੱਗ ਬੁਝਾਊ ਗੱਡੀਆਂ (ਇਕ ਗੱਡੀ ਫਾਇਰ ਸਟੇਸ਼ਨ ਬਠਿੰਡਾ ਅਤੇ ਦੂਸਰੀ ਓਮ ਸੰਨਜ਼ ਸੰਗਤ ਕਲਾਂ) ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਪਤਾ ਲੱਗਦੇ ਹੀ ਬੈਂਕ ਦੀ ਸਾਰੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਕਰਮਚਾਰੀਆਂ ’ਚ ਹਫੜਾ-ਦਫੜੀ ਦਾ ਮਹੌਲ ਬਣ ਗਿਆ, ਖ਼ਾਸਕਰ ਮਹਿਲਾ ਕਰਮਚਾਰੀ ਡਰੇ ਹੋਏ ਸਨ, ਜਿਥੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਦੇਖਣ ਨੂੰ ਮਿਲ ਰਿਹਾ ਸੀ, ਜਿਸ ਕਾਰਨ ਬੈਂਕ ਦਾ ਪੂਰਾ ਕੰਮਕਾਜ ਠੱਪ ਹੋ ਗਿਆ ਅਤੇ ਗਾਹਕਾਂ ਨੂੰ ਅਗਲੇ ਦਿਨ ਆਉਣ ਦਾ ਕਹਿ ਕੇ ਵਾਪਿਸ ਮੋੜ ਦਿੱਤਾ ਗਿਆ। ਪੁਲੀਸ ਅਤੇ ਆਮ ਲੋਕਾਂ ਦੀ ਮਦਦ ਨਾਲ ਅੱਗ ਬੁਝਾਊ ਦਸਤੇ ਵੱਲੋਂ ਬੈਂਕ ਦੇ ਅਹਾਤੇ ਵਾਲੀ ਪਿਛਲੀ ਕੰਧ ਤੋੜ ਕੇ ਕਾਫੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਬੈਂਕ ਮੈਨੇਜ਼ਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਿਰਫ਼ ਕਾਫੀ ਪੁਰਾਣੇ ਗੈਰ ਜ਼ਰੂਰੀ ਰਿਕਾਰਡ ਨੂੰ ਹੀ ਥੋੜਾ ਨੁਕਸਾਨ ਪੁੱਜਾ ਹੈ, ਜਿਸ ਬਾਰੇ ਉਚ ਆਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਵੱਲੋਂ ਅੱਗ ਲੱਗਣ ਕਾਰਨ ਹੋਏ ਕਿਸੇ ਨੁਕਸਾਨ ਬਾਰੇ ਕੋਈ ਵੀ ਰਪਟ ਦਰਜ ਨਹੀਂ ਕਰਵਾਈ ਗਈ ਹੈ।