ਬਾਰਦਾਨਾ ਸਟੋਰ ਤੇ ਫਰਨੀਚਰ ਦੀ ਦੁਕਾਨ ’ਚ ਅੱਗ ਲੱਗੀ
ਇਥੇ ਬੀਤੀ ਰਾਤ ਦੌਰਾਨ ਦੋ ਵੱਡੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਅੱਗ ਕਾਰਨ ਦੋ ਵਪਾਰੀ ਪਰਿਵਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਪਹਿਲੀ ਘਟਨਾ ਪਰਸਰਾਮ ਨਗਰ ਦੀ ਗਲੀ ਨੰਬਰ 37/2 ਨੇੜੇ ਸਥਿਤ ਵਿਸ਼ਨੂੰ ਬਾਰਦਾਨਾ...
ਇਥੇ ਬੀਤੀ ਰਾਤ ਦੌਰਾਨ ਦੋ ਵੱਡੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਅੱਗ ਕਾਰਨ ਦੋ ਵਪਾਰੀ ਪਰਿਵਾਰਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ।
ਪਹਿਲੀ ਘਟਨਾ ਪਰਸਰਾਮ ਨਗਰ ਦੀ ਗਲੀ ਨੰਬਰ 37/2 ਨੇੜੇ ਸਥਿਤ ਵਿਸ਼ਨੂੰ ਬਾਰਦਾਨਾ ਸਟੋਰ ਵਿੱਚ ਰਾਤ ਕਰੀਬ ਸਵਾ 10 ਵਜੇ ਵਾਪਰੀ। ਮਾਲਕ ਵਿਕਾਸ ਕੁਮਾਰ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਉਨ੍ਹਾਂ ਦੇ ਸਟੋਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀ ਤੀਬਰਤਾ ਇੰਨੀ ਵੱਧ ਸੀ ਕਿ ਲੱਖਾਂ ਰੁਪਏ ਦੀਆਂ ਬੋਰੀਆਂ ਸੜ ਗਈਆਂ, ਜਦਕਿ ਗਡਾਉਣ ਅੰਦਰ ਖੜ੍ਹਾ ਇੱਕ ਪਿਕਅੱਪ ਡਾਲਾ ਵੀ ਪੂਰੀ ਤਰ੍ਹਾਂ ਸੜ ਗਿਆ। ਉਨ੍ਹਾਂ ਅਨੁਸਾਰ ਇਸ ਦੌਰਾਨ ਉਨ੍ਹਾਂ ਦਾ ਲਗਪਗ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਦੂਜੀ ਘਟਨਾ ਉਧਮ ਸਿੰਘ ਨਗਰ ਵਿੱਚ ਵਾਪਰੀ, ਜਿਥੇ ਇਕ ਫਰਨੀਚਰ ਹਾਊਸ ਅੱਗ ਦੀ ਲਪੇਟ ਵਿੱਚ ਆ ਗਿਆ। ਦੁਕਾਨ ਦੇ ਮਾਲਕ ਮੋਹਿਤ ਬਾਂਸਲ ਨੇ ਦੱਸਿਆ ਕਿ ਦੁਕਾਨ ਵਿੱਚ ਮੌਜੂਦ ਬੈਡ, ਸੋਫੇ, ਗੱਦੇ, ਕੁਰਸੀਆਂ ਤੇ ਹੋਰ ਸਾਜੋ-ਸਾਮਾਨ ਸੜ ਗਿਆ, ਕਿਉਂਕਿ ਇਹ ਫਰਨੀਚਰ ਹਾਊਸ ਰਿਹਾਇਸ਼ੀ ਇਲਾਕੇ ਵਿੱਚ ਸੀ, ਇਸ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਪਹੁੰਚਣ ਵਿੱਚ ਮੁਸ਼ਕਲ ਆਈ।
ਫਾਇਰ ਬ੍ਰਿਗੇਡ ਅਫਸਰ ਪ੍ਰਮੋਦ ਕੁਮਾਰ ਸੇਤੀਆ ਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੀ ਘਟਨਾ ਵਿੱਚ ਦਰਜਨ ਦੇ ਕਰੀਬ ਵੱਡੇ ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਕੁੱਲ ਨੌਂ ਅੱਗ ਕਾਲਾਂ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਦੋ ਵੱਡੀਆਂ ਘਟਨਾਵਾਂ ਸਨ, ਜਦਕਿ ਬਾਕੀ ਮਾਮਲੇ ਖਾਲੀ ਪਲਾਟਾਂ ’ਚ ਲੱਗੀ ਅੱਗ ਨਾਲ ਸਬੰਧਤ ਸਨ।