ਡੀ.ਟੀ.ਐੱਫ਼.ਵੱਲੋਂ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹੜ੍ਹ ਪੀੜਤ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ
ਸਰਕਾਰੀ ਬੇਰੁਖੀ ਦਾ ਸ਼ਿਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਆਰਥਿਕ ਹਾਲਤ ਖਰਾਬ ਹੈ। ਹੜ੍ਹਾਂ ਕਾਰਨ ਵੱਡੀ ਗਿਣਤੀ ਘਰ ਬਾਰ ਤਬਾਹ ਹੋ ਚੁੱਕੇ ਹਨ। ਅਜਿਹੇ ਮੁਸੀਬਤਾਂ ਭਰੇ ਸਮੇਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਹੜ੍ਹਾਂ ਦੀ ਮਾਰ...
ਸਰਕਾਰੀ ਬੇਰੁਖੀ ਦਾ ਸ਼ਿਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਆਰਥਿਕ ਹਾਲਤ ਖਰਾਬ ਹੈ। ਹੜ੍ਹਾਂ ਕਾਰਨ ਵੱਡੀ ਗਿਣਤੀ ਘਰ ਬਾਰ ਤਬਾਹ ਹੋ ਚੁੱਕੇ ਹਨ। ਅਜਿਹੇ ਮੁਸੀਬਤਾਂ ਭਰੇ ਸਮੇਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਜ਼ਿਲ੍ਹਿਆਂ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਆਪਣੀ ਵਿੱਤੀ ਸਮਰੱਥਾ ਅਨੁਸਾਰ ਸੂਬੇ ਭਰ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਝੰਗੜ ਭੈਣੀ ਵਿਚ, ਭੈਣੀ ਗੁਲਾਬ ਸਿੰਘ, ਰੇਤੇ ਵਾਲੀ ਭੈਣੀ, ਅਤੇ ਤੇਜਾ ਰੋਹੇਲਾ ਦੇ ਰਹਿਣ ਵਾਲੇ ਵੱਖ ਵੱਖ ਵਿੱਦਿਅਕ ਅਦਾਰਿਆਂ ਵਿੱਚ ਇੰਜਨੀਅਰਿੰਗ, ਨਰਸਿੰਗ, ਖੇਤੀਬਾੜੀ ਤੇ ਆਈਟੀਆਈ ਦੀ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ 13 ਲੋੜਵੰਦ ਵਿਦਿਆਰਥੀਆਂ ਦੀ ਸ਼ਨਾਖ਼ਤ ਕਰਨ ਉਪਰੰਤ ਪ੍ਰਤੀ ਵਿਦਿਆਰਥੀ 7000 ਰੁਪਏ (ਕੁੱਲ 91000/ ਰੁਪਏ) ਦੀ ਵਿੱਤੀ ਸਹਾਇਤਾ ਰਾਸ਼ੀ ਦੇ ਚੈੱਕ ਪਹਿਲੀ ਕਿਸ਼ਤ ਵਜੋਂ ਦਿੱਤੇ ਗਏ। ਇਸ ਸਮੇਂ ਵਿਦਿਆਰਥੀਆਂ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਬੋਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਦੱਸਿਆ ਕਿ ਡੀ. ਟੀ. ਐੱਫ. ਦੀ ਸੂਬਾ ਕਮੇਟੀ ਵੱਲੋਂ ਲਗਪਗ ਤੀਹ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਿੱਦਿਅਕ ਅਦਾਰਿਆਂ, ਕਿਸਾਨਾਂ ਦੀਆਂ ਫਸਲਾਂ ਦੀ ਬਿਜਾਈ, ਛੋਟੇ ਦੁਕਾਨਦਾਰਾਂ ਕਾਰੋਬਾਰੀਆਂ ਅਤੇ ਖੇਤ ਮਜ਼ਦੂਰਾਂ ਦੇ ਘਰੇਲੂ ਰਾਸ਼ਨ ਖ਼ਰਚ ਲਈ ਵੰਡੀ ਜਾਣੀ ਹੈ ਜਿਸ ਵਿੱਚੋਂ ਵੱਡਾ ਹਿੱਸਾ ਖ਼ਰਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਕੋਈ ਕੁਦਰਤੀ ਕਰੋਪੀ ਨਹੀਂ, ਸਗੋਂ ਸਮੇਂ- ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੇ ਲੋਕਾਂ ਪ੍ਰਤੀ ਬੇਰੁਖੀ ਦਾ ਨਤੀਜਾ ਹੈ। ਉਨ੍ਹਾਂ ਲੋਕਾਂ ਨੂੰ ਜਥੇਬੰਦ ਹੋਣ ਅਤੇ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੜਨ ਦਾ ਸੱਦਾ ਦਿੰਦਿਆਂ ਆਖਿਆ ਕਿ ਜਥੇਬੰਦਕ ਤਾਕ਼ਤ ਹੀ ਲੋਕ ਮਸਲਿਆਂ ਦਾ ਢੁਕਵਾਂ ਹੱਲ ਹੈ। ਇਸ ਮੌਕੇ ਜਥੇਬੰਦੀ ਦੇ ਸਾਬਕਾ ਜ਼ਿਲ੍ਹਾ ਸਕੱਤਰ ਅਤੇ ਸੂਬਾਈ ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਲੋਕ ਪੱਖੀ ਜੱਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਸਮੇਂ ਸਿਰ ਕੀਤੀ ਭਰਵੀਂ ਮਦਦ ਸਲਾਹੁਣਯੋਗ ਹੈ ਪਰ ਦੂਜੇ ਪਾਸੇ ਇਸ ਸਭ ਦੇ ਬਾਵਜੂਦ ਪੰਜਾਬ ਸਰਕਾਰ ਦੀ ਸਮੁੱਚੇ ਮਾਮਲੇ ਵਿੱਚ ਕਥਿਤ ਗ਼ੈਰਹਾਜ਼ਰੀ ਸਰਕਾਰ ਤੇ ਲੋਕਾਂ ਦੇ ਰਿਸ਼ਤੇ ਨੂੰ ਸਪਸ਼ਟ ਕਰਦੀ ਹੈ।

