ਬਾਹਰਲੇ ਬੱਸ ਅੱਡੇ ’ਤੇ ਲੰਘੀ ਰਾਤ ਬਜਾਜ ਫਾਇਨਾਂਸ ਕੰਪਨੀ ਦੇ ਮੈਨੇਜਰ ਦੇ ਸਿਰ ’ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਲੋਹੇ ਦਾ ਦੁਰਮੱਟ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਸਪਤਾਲ ’ਚ ਜ਼ੇਰੇ ਇਲਾਜ ਮੈਨੇਜਰ ਗੋਪਾਲ ਘਈ ਨੇ ਦੱਸਿਆ ਕਿ ਉਹ ਘਰੇਲੂ ਸਾਮਾਨ ਲੈਣ ਲਈ ਬਾਹਰਲੇ ਬੱਸ ਅੱਡੇ ’ਤੇ ਗਿਆ ਸੀ। ਸਮਾਨ ਲੈਣ ਉਪਰੰਤ ਜਦੋਂ ਉਹ ਚੱਲਣ ਲੱਗਾ ਤਾਂ ਪਹਿਲਾਂ ਹੀ ਤਾਕ ’ਚ ਖੜ੍ਹੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਲੋਹੇ ਦੇ ਦੁਰਮੱਟ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਫਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਗੋਪਾਲ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਗੋਪਾਲ ਘਈ ਨੂੰ ਸਿਵਲ ਹਸਪਤਾਲ ਤਪਾ ’ਚ ਦਾਖਲ ਕਰਵਾਇਆ ਗਿਆ। ਉਸ ਦੇ ਸਿਰ ’ਚ ਛੇ ਟਾਂਕੇ ਲੱਗੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੌਲਦਾਰ ਸੰਦੀਪ ਸਿੰਘ ਨੇ ਜ਼ਖ਼ਮੀ ਗੋਪਾਲ ਘਈ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।