ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਜੂਨ
ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ 9 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਉਸਦਾ ਇੱਕ ਸਾਥੀ ਪੁਲੀਸ ਨੂੰ ਚਕਮਾ ਦੇ ਕੇ ਭੱਜ ਗਿਆ। ਪੁਲੀਸ ਨੇ ਤਲਾਸ਼ੀ ਦੌਰਾਨ 2 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਹਰਮੇਸ਼ ਸਿੰਘ ਉਰਫ਼ ਰਮੇਸ਼ ਕੱਟਾ (25) ਵਾਸੀ ਬਸਤੀ ਮਾਛੀਆਂ, ਥਾਣਾ ਸਿਟੀ ਜ਼ੀਰਾ ਵਜੋਂ ਹੋਈ ਹੈ। ਉਸਦਾ ਫ਼ਰਾਰ ਸਾਥੀ ਅਜੈ (28) ਵੀ ਬਸਤੀ ਮਾਛੀਆਂ ਦਾ ਹੀ ਰਹਿਣ ਵਾਲਾ ਦੱਸਿਆ ਗਿਆ ਹੈ। ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ੀਰਾ ਸੀਆਈਏ ਸਟਾਫ਼ ਦੀ ਇੱਕ ਵਿਸ਼ੇਸ਼ ਟੀਮ ਨੇ ਨਾਕਾਬੰਦੀ ਦੌਰਾਨ ਹਰਮੇਸ਼ ਸਿੰਘ ਨੂੰ ਕਾਬੂ ਕੀਤਾ। ਇਸ ਦੌਰਾਨ ਮੋਟਰਸਾਈਕਲ ’ਤੇ ਪਿੱਛੇ ਬੈਠਾ ਹਰਮੇਸ਼ ਸਿੰਘ ਦਾ ਸਾਥੀ ਅਜੈ ਪੁਲੀਸ ਨੂੰ ਵੇਖ ਕੇ ਘਬਰਾ ਗਿਆ ਅਤੇ ਆਪਣੇ ਹੱਥ ਵਿੱਚ ਫੜਿਆ ਹੈਰੋਇਨ ਦਾ ਬੈਗ ਮੌਕੇ ’ਤੇ ਸੁੱਟ ਕੇ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਫ਼ਰਾਰ ਹੋ ਗਿਆ।
ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਫ਼ਿਰੋਜ਼ਪੁਰ ਪੁਲੀਸ ਨੇ ਇਸ ਸਾਲ 1 ਮਾਰਚ ਤੋਂ ਹੁਣ ਤੱਕ ਨਸ਼ਾ ਤਸਕਰੀ ਦੇ ਕੁੱਲ 534 ਮੁਕੱਦਮੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 686 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਪੁਲੀਸ ਨੇ 79.208 ਕਿਲੋਗ੍ਰਾਮ ਹੈਰੋਇਨ, 5.720 ਕਿਲੋਗ੍ਰਾਮ ਅਫ਼ੀਮ, 592.350 ਕਿਲੋਗ੍ਰਾਮ ਚੂਰਾ ਪੋਸਤ, 25 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ, 21977 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਅਤੇ 78.45 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਲਾਹਣ ਸਣੇ ਨਸ਼ਾ ਤਸਕਰ ਕਾਬੂ
ਕਾਲਾਂਵਾਲੀ: ਪਿੰਡ ਮਲਿਕਪੁਰਾ ਵਿੱਚ ਏਐੱਨਸੀ ਸਟਾਫ਼ ਨੇ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ 52 ਲਿਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏਐੱਨਸੀ ਸਟਾਫ਼ ਇੰਚਾਰਜ ਸੂਬੇ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਵਿੰਦਰ ਉਰਫ਼ ਫੌਜੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟੀਮ ਹੈੱਡ ਕਾਂਸਟੇਬਲ ਪ੍ਰਦੀਪ ਦੀ ਅਗਵਾਈ ਹੇਠ ਬੱਸ ਸਟੈਂਡ ਮਲਿਕਪੁਰਾ ਨੇੜੇ ਗਸ਼ਤ ਕਰ ਰਹੀ ਸੀ। ਏਐੱਸਆਈ ਨੂੰ ਸੂਚਨਾ ਮਿਲੀ ਕਿ ਪਿੰਡ ਮਲਿਕਪੁਰਾ ਵਿੱਚ ਇੱਕ ਵਿਅਕਤੀ ਆਪਣੇ ਘਰ ਵਿੱਚ ਲਾਹਣ ਤਿਆਰ ਕਰ ਰਿਹਾ ਹੈ। ਟੀਮ ਨੇ ਛਾਪਾ ਮਾਰਿਆ ਤੇ ਇੱਕ ਵਿਅਕਤੀ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਜਿਸ ਕੋਲੋਂ ਲਗਭਗ 52 ਲਿਟਰ ਲਾਹਣ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਥਾਣਾ ਔਢਾਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ